ਜਸਵੀਰ ਸਿੰਘ ਭਲੂਰੀਆ

ਜੇ ਪੰਜਾਬੀ ਬਾਲ ਸਾਹਿਤ ਦੀ ਗੱਲ ਚੱਲੇ ਤਾਂ ਇਹ ਨਹੀਂ ਹੋ ਸਕਦਾ ਕਿ ਅਸ਼ਰਫ ਸੁਹੇਲ ਦਾ ਜ਼ਿਕਰ ਨਾ ਹੋਵੇ। ਅਸ਼ਰਫ ਸੁਹੇਲ ਪਾਕਿਸਤਾਨ ਹੀ ਨਹੀਂ ਪੂਰੀ ਦੁਨੀਆ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਲੋਚਦੇ ਹਨ। ਉਹ ਚਾਹੁੰਦੇ ਹਨ ਕਿ ਸਾਡੇ ਬੱਚਿਆਂ ਵਿੱਚ ਅਜਿਹੀ ਚੇਤਨਤਾ ਆਵੇ ਕਿ ਸਾਰਾ ਸੰਸਾਰ ਅਮਨ-ਅਮਾਨ ਨਾਲ ਸੁੱਖੀ-ਸਾਂਦੀਂ ਵੱਸੇ। ਸਾਰੀ ਦੁਨੀਆ ਦੇ ਬੱਚੇ ਜੰਗ ਤੋਂ ਦੂਰ ਅਤੇ ਅਮਨ ਦੇ ਨਜ਼ਦੀਕ ਆ ਜਾਣ।

ਅਸ਼ਰਫ ਸੁਹੇਲ ਦਾ ਪੂਰਾ ਨਾਂ ਮੁਹੰਮਦ ਅਸ਼ਰਫ ਸੁਹੇਲ ਹੈ। ਉਸ ਦਾ ਜਨਮ ਲਾਹੌਰ ਦੇ ਮੁਗਲਪੁਰੇ ਇਲਾਕੇ ਵਿੱਚ 23 ਜੁਲਾਈ 1963 ਨੂੰ ਹੋਇਆ। ਉਸ ਦੇ ਪਿਤਾ ਚੌਧਰੀ ਕਰਨ ਦੀਨ ਚੜ੍ਹਦੇ ਪੰਜਾਬ ਦੇ ਰੋਪੜ ਨੇੜਲੇ ਪਿੰਡ ਬੜੀਮਾਜਰਾ ਦੇ ਰਹਿਣ ਵਾਲੇ ਸਨ ਅਤੇ ਮਾਤਾ ਰਹਿਮਤ ਬੀਬੀ ਰੋਪੜ ਨੇੜੇ ਬੰਨਮਾਜਰਾ ਦੇ ਰਹਿਣ ਵਾਲੇ ਸਨ। ਘਰ ਵਿੱਚ ਗੁਰਬਤ ਹੋਣ ਕਰਕੇ ਅਸ਼ਰਫ ਸੁਹੇਲ ਬਹੁਤਾ ਪੜ੍ਹ ਨਾ ਸਕਿਆ। ਮੈਟ੍ਰਿਕ ਕਰਨ ਤੋਂ ਬਾਅਦ ਉਸ ਨੂੰ ਰੇਲਵੇ ਵਿਭਾਗ ਵਿੱਚ ਨੌਕਰੀ ਮਿਲ ਗਈ। ਪਰਿਵਾਰ ਵੱਡਾ ਸੀ, ਇਸ ਲਈ ਪਰਿਵਾਰ ਦੇ ਗੁਜ਼ਾਰੇ ਲਈ ਘਰ ਦੇ ਸਾਰੇ ਜੀਆਂ ਨੂੰ ਮਿਹਨਤ ਕਰਨੀ ਪੈਂਦੀ ਸੀ। ਸੁਹੇਲ ਦਾ ਬਾਲ ਸਾਹਿਤ ਨਾਲ ਜੁੜਨ ਦਾ ਕਿੱਸਾ ਵੀ ਬੜਾ ਦਿਲਚਸਪ ਹੈ। ਘਰ ਵਿੱਚ ਲਿਫ਼ਾਫ਼ੇ ਬਣਾਉਣ ਲਈ ਰੱਦੀ ਆਇਆ ਕਰਦੀ ਸੀ। ਇੱਕ ਦਿਨ ਰੱਦੀ ਵਿੱਚ ਬੱਚਿਆਂ ਦਾ ਇੱਕ ਨਾਵਲ ਵੀ ਆ ਗਿਆ ਜਿਸ ਨੂੰ ਸੁਹੇਲ ਨੇ ਕੱਢ ਕੇ ਪਾਸੇ ਰੱਖ ਲਿਆ। ਫਿਰ ਜਦੋਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਪੜ੍ਹ ਕੇ ਹੀ ਬਸ ਕੀਤੀ। ਇਹ ਏ. ਹਮੀਦ ਦਾ ‘ਮੌਤ ਕਾ ਤਾਕਬ’ ਬਾਲ ਨਾਵਲ ਸੀ। ਉਸ ਤੋਂ ਬਾਅਦ ਉਸ ਨੇ ਸੈਂਕੜੇ ਕਿਤਾਬਾਂ ਆਪਣੇ ਜੇਬ ਖ਼ਰਚ ਨਾਲ ਖ਼ਰੀਦ ਕੇ ਪੜ੍ਹੀਆਂ ਅਤੇ ਸੈਂਕੜੇ ਕਿਤਾਬਾਂ ਕਿਰਾਏ ’ਤੇ ਲੈ ਕੇ ਪੜ੍ਹੀਆਂ। ਇਸ ਤਰ੍ਹਾਂ ਬਚਪਨ ਵਿੱਚ ਹੀ ਉਸ ਦੀ ਬਾਲ ਸਾਹਿਤ ਵਿੱਚ ਦਿਲਚਸਪੀ ਬਣ ਗਈ।

ਬਾਲ ਸਾਹਿਤ ਵਿੱਚ ਦਿਲਚਸਪੀ ਹੋਣ ਕਰਕੇ ਉਸ ਨੂੰ ਪਹਿਲਾਂ ‘ਰਵੇਲ’ ਰਸਾਲੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਰਸਾਲੇ ਵਿੱਚ 2-3 ਸਫੇ ਬਾਲ ਸਾਹਿਤ ਲਈ ਹੁੰਦੇ ਸਨ, ਜਿਨ੍ਹਾਂ ਦੇ ਸੁਹੇਲ ਹੀ ਸੰਪਾਦਕ ਹੁੰਦੇ ਸਨ। ਉਸ ਰਸਾਲੇ ਵਿੱਚ ਉਹ ਬੱਚਿਆਂ ਨੂੰ ਸਵਾਲ ਪਾਉਂਦੇ ਸਨ, ਜਿਵੇਂ ਕਿ-ਜੇ ਤੁਸੀਂ ਪਾਕਿਸਤਾਨ ਦੇ ਵਜ਼ੀਰ ਹੁੰਦੇ ਤਾਂ ਕੀ ਕਰਦੇ? ਜੇ ਤੁਸੀਂ ਪੰਜਾਬ ਦੇ ਵਜ਼ੀਰ ਹੁੰਦੇ ਤਾਂ ਕੀ ਕਰਦੇ? ਇੱਕ ਵਾਰ ਉਸ ਨੇ ਸਵਾਲ ਪਾਇਆ ਕਿ ਜੇ ਤੁਸੀਂ ‘ਰਵੇਲ’ ਦੇ ਸੰਪਾਦਕ ਹੁੰਦੇ ਤਾਂ ਕੀ ਕਰਦੇ, ਤਾਂ ਬਹੁਤ ਸਾਰੇ ਬੱਚਿਆਂ ਦਾ ਜਵਾਬ ਸੀ ਕਿ ‘ਜੇ ਮੈਂ ਰਵੇਲ ਦਾ ਸੰਪਾਦਕ ਹੁੰਦਾ ਤਾਂ ਮੈਂ ਬੱਚਿਆਂ ਲਈ ਵੱਖਰਾ ਪਰਚਾ ਸ਼ੁਰੂ ਕਰਦਾ।’ ਇਸ ਤੋਂ ਬਾਅਦ ਜ਼ਮੀਰ ਅਹਿਮਦਪਾਲ, ਇਲਿਆਸ ਘੁੰਮਣ ਅਤੇ ਸੁਹੇਲ ਨੇ ਮਿਲ ਕੇ ‘ਮੀਟੀ’ ਨਾਂ ਦਾ ਦੋ-ਮਾਸਿਕ ਰਸਾਲਾ ਸ਼ੁਰੂ ਕੀਤਾ ਜੋ ਕਿ ਪਾਕਿਸਤਾਨ ਦਾ ਬੱਚਿਆਂ ਦਾ ਪਹਿਲਾ ਰਸਾਲਾ ਸੀ। ਇਹ ਰਸਾਲਾ ਦੋ ਕੁ ਸਾਲ ਚੱਲਿਆ ਤੇ ਫਿਰ ਬੰਦ ਹੋ ਗਿਆ। ਉਸ ਤੋਂ ਬਾਅਦ ਸੁਹੇਲ ਨੇ ਖ਼ੁਦ ਆਪਣਾ ਰਸਾਲਾ ‘ਪੰਖੇਰੂ’ ਛਾਪਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਵਿੱਚ ਪੰਜਾਬੀ ਬਾਲ ਸਾਹਿਤ ਦੀ ਕਮੀ ਹੋਣ ਕਰਕੇ ਪਹਿਲਾਂ ‘ਪੰਖੇਰੂ’ ਸਿਰਫ਼ 16 ਸਫੇ ਤੋਂ ਸ਼ੁਰੂ ਹੋਇਆ। ਫਿਰ ਸੁਹੇਲ ਨੇ ਚੜ੍ਹਦੇ ਪੰਜਾਬ ਦੇ ਬਾਲ ਲੇਖਕਾਂ ਨਾਲ ਰਾਬਤਾ ਬਣਾਇਆ ਤਾਂ ‘ਪਖੇਰੂ’ ਹੌਲੀ ਹੌਲੀ 80 ਸਫੇ ਤੱਕ ਪਹੁੰਚ ਗਿਆ। ਇਸ ਸਮੇਂ ‘ਪਖੇਰੂ’ ਉਡਾਰੂ ਹੋ ਚੁੱਕਾ ਸੀ। ਹੁਣ ਉਹ ਪਾਕਿਸਤਾਨ ਤੋਂ ਉਡਾਰੀ ਭਰ ਕੇ ਭਾਰਤ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ, ਜਿੱਥੇ ਜਿੱਥੇ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਵੱਸਦੇ ਸਨ, ਉਨ੍ਹਾਂ ਦੇ ਬਨੇਰਿਆਂ ’ਤੇ ਬਹਿ ਕੇ ਪੰਜਾਬੀ ਮਾਂ ਬੋਲੀ ਦੇ ਗੀਤ ਗਾਉਣ ਲੱਗਾ ਅਤੇ ਗਾ ਰਿਹਾ ਹੈ। ਬਾਲ ਸਾਹਿਤ ਦੇ ਹਵਾਲੇ ਨਾਲ ਅੱਜ ਦੁਨੀਆ ਭਰ ਵਿੱਚ ‘ਪਖੇਰੂ’ ਦੀ ਵੱਖਰੀ ਪਛਾਣ ਬਣ ਚੁੱਕੀ ਹੈ ਅਤੇ ‘ਪਖੇਰੂ’ ਹੁਣ 29-30 ਸਾਲ ਦਾ ਭਰ ਜਵਾਨ ਗੱਭਰੂ ਹੋ ਚੁੱਕਾ ਹੈ।

ਅਸ਼ਰਫ ਸੁਹੇਲ ਦੀ ਇੱਕ ਖ਼ਾਸੀਅਤ ਹੈ ਕਿ ਉਸ ਨੇ ਕਦੇ ਕਿਸੇ ਤੋਂ ‘ਪੰਖੇਰੂ’ ਲਈ ਪੈਸਾ ਨਹੀਂ ਮੰਗਿਆ। ਇੱਕ ਵਾਰ ਨੌਬਤ ਇੱਥੋਂ ਤੱਕ ਆ ਗਈ ਕਿ ਦਸੰਬਰ 1999 ਦਾ ‘ਪੰਖੇਰੂ’ ਛਪ ਤਾਂ ਗਿਆ ਪਰ ਉਸ ਨੂੰ ਪੋਸਟ ਕਰਨ ਲਈ ਪੈਸੇ ਨਹੀਂ ਸਨ। ਜਿਸ ਕਾਰਨ ਰਸਾਲਾ ਪੋਸਟ ਨਾ ਹੋ ਸਕਿਆ। ਜਨਵਰੀ 2000 ਦਾ ‘ਪੰਖੇਰੂ’ ਆਇਆ ਤਾਂ ਉਸ ਦੀ ਸੰਪਾਦਕੀ ਸੀ, ‘ਪੰਖੇਰੂ ਦੀ ਆਖਰੀ ਉਡਾਰੀ’। ਜਦ ਇਹ ਰਸਾਲਾ ਪਾਠਕਾਂ ਕੋਲ ਪਹੁੰਚਿਆ ਤਾਂ ਕਈ ਦੋਸਤਾਂ ਨੇ ਉਸ ਨੂੰ ਕਿਹਾ ਕਿ ਰਸਾਲਾ ਬਹੁਤ ਵਧੀਆ ਹੈ। ਔਖੇ-ਸੌਖੇ ਜਿਵੇਂ-ਕਿਵੇਂ ਇਸ ਨੂੰ ਚੱਲਦਾ ਰੱਖੋ। ਐਨ ਉਸੇ ਵਕਤ ਪੰਜਾਬੀ ਸੱਥ ਲਾਂਬੜਾਂ (ਜਲੰਧਰ) ਤੋਂ ਸੁਹੇਲ ਨੂੰ ਐਵਾਰਡ ਦੇਣ ਬਾਰੇ ਪੱਤਰ ਮਿਲ ਗਿਆ। ਉਸ ਐਵਾਰਡ ਨੇ ਸੁਹੇਲ ਨੂੰ ਏਨੀ ਤਾਕਤ ਬਖ਼ਸ਼ੀ ਕਿ ਉਹ ਡਿੱਗ ਕੇ ਫਿਰ ਖੜ੍ਹਾ ਹੋ ਗਿਆ। ਇੰਝ ‘ਪੰਖੇਰੂ’ ਦੁਬਾਰਾ ਫਿਰ ਸ਼ੁਰੂ ਹੋ ਗਿਆ। 2011 ਵਿੱਚ ਸੁਹੇਲ ਦੇ ਦਿਮਾਗ਼ ਦਾ ਅਪਰੇਸ਼ਨ ਹੋਇਆ। ਉਸ ਵਕਤ ਡਾਕਟਰ ਦਾ ਕਹਿਣਾ ਸੀ ਕਿ ਅਪਰੇਸ਼ਨ ਤੋਂ ਬਾਅਦ 3 ਮਹੀਨੇ ਕੰਮ ਨਹੀਂ ਕਰਨਾ ਤਾਂ ਉਸ ਨੇ 3 ਮਹੀਨੇ ਦੇ ਰਸਾਲੇ ਪਹਿਲਾਂ ਹੀ ਛਾਪ ਲਏ ਸਨ। ਇੰਝ ਹੀ ਜਦੋਂ 2019 ਵਿੱਚ ਫਿਰ ਦਿਮਾਗ਼ ਦਾ ਅਪਰੇਸ਼ਨ ਹੋਇਆ ਤਾਂ ਫਿਰ ਉਸ ਨੇ 3 ਮਹੀਨੇ ਦੇ ਰਸਾਲੇ ਪਹਿਲਾਂ ਹੀ ਛਾਪ ਕੇ ਰੱਖ ਲਏ ਸਨ। ਇੱਥੋਂ ਪਤਾ ਲੱਗਦਾ ਹੈ ਕਿ ਉਹ ਬਾਲ ਸਾਹਿਤ ਨਾਲ ਰੂਹ ਤੋਂ ਜੁੜਿਆ ਹੋਇਆ ਹੈ ਅਤੇ ਮਾਂ ਬੋਲੀ ਦੀ ਸੇਵਾ ਤਨੋਂ ਮਨੋਂ ਕਰ ਰਿਹਾ ਹੈ।

ਅਸ਼ਰਫ ਸੁਹੇਲ ਨੇ ਜਿੱਥੇ ਬਾਲ ਸਾਹਿਤ ਦੀ ਖ਼ੁਦ ਸਿਰਜਣਾ ਕੀਤੀ, ਜੋ ਚੜ੍ਹਦੇ ਪੰਜਾਬ ਦੇ ਵੱਡੇ ਅਖ਼ਬਾਰਾਂ ਦਾ ਸ਼ਿੰਗਾਰ ਬਣੀ ਅਤੇ ਕਈ ਕਿਤਾਬਾਂ ਦਾ ਤਰਜਮਾ ਗੁਰਮੁਖੀ ਲਿੱਪੀ ਵਿੱਚ ਵੀ ਹੋਇਆ, ਉੱਥੇ ਹੀ ਉਸ ਨੇ ਦੁਨੀਆ ਭਰ ਵਿੱਚ ਵਸਦੇ ਬਾਲ ਸਾਹਿਤ ਦੇ ਲੇਖਕਾਂ ਦੇ 70 ਦੇ ਕਰੀਬ ਬਾਲ ਨਾਵਲ ‘ਪੰਖੇਰੂ’ ਵਿੱਚ ਛਾਪ ਕੇ ਉਨ੍ਹਾਂ ਨੂੰ ਇੱਕ ਮਾਲਾ ਵਿੱਚ ਪਰੋਇਆ। ਜਨਵਰੀ 2024 ਦਾ ‘ਪੰਖੇਰੂ’ ਫਿਰ ਨਾਵਲ ਵਾਲਾ ਹੈ ਅਤੇ ਇਹ ‘ਪੰਖੇਰੂ’ ਦਾ 19 ਬਾਲ ਨਾਵਲਾਂ ਦਾ 1200 ਸਫੇ ਦਾ ‘ਪੰਖੇਰੂ’ ਅੰਕ ਦੋ ਜਿਲਦਾਂ ਵਿੱਚ ਛਪਿਆ। ਏਨੀ ਵੱਡੀ ਗਿਣਤੀ ਵਿੱਚ ਕਿਤਾਬਾਂ ਛਾਪਣ ਦਾ ਖ਼ਰਚਾ ਉਹ ਆਪਣੀ ਹੱਕ ਹਲਾਲ ਦੀ ਕਮਾਈ ਵਿੱਚੋਂ ਹੀ ਕਰਦਾ ਹੈ। ਇਹ ਸੁਚੱਜਾ ਤੇ ਪਵਿੱਤਰ ਕਾਰਜ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਹੈ।

ਇੱਥੇ ਹੀ ਬਸ ਨਹੀਂ ਅਸ਼ਰਫ ਸੁਹੇਲ ਪੰਜਾਬੀ ਮਾਂ ਬੋਲੀ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਕਰਦਾ ਹੈ। ਪਾਕਿਸਤਾਨ ਦੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਇਸ ਦਾ ਉਸ ਨੂੰ ਬਹੁਤ ਦੁੱਖ ਹੈ। ਇਸ ਕਰਕੇ ਉੱਥੇ ਬਾਲ ਸਾਹਿਤ ਦੀ ਵੱਡੀ ਕਮੀ ਹੈ। ਇਸ ਕਮੀ ਨੂੰ ਮਹਿਸੂਸ ਕਰਦਿਆਂ ਉਸ ਨੇ ਆਪਣੇ ਦੋਸਤ ਅਤੇ ਮਸ਼ਹੂਰ ਗਾਇਕ ਸ਼ੌਕਤ ਅਲੀ, ਲੇਖਕ ਫਰਖੰਦਾ ਲੋਧੀ ਅਤੇ ਹੋਰ ਪੰਜਾਬੀ ਪਿਛੋਕੜ ਵਾਲੇ ਪ੍ਰੋਫੈਸਰ ਲੇਖਕਾਂ ਨੂੰ ਪੰਜਾਬੀ ਜ਼ੁਬਾਨ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ।

ਸ਼ੌਕਤ ਅਲੀ ਦੇ ਬਾਲ ਗੀਤ ਪਹਿਲਾਂ ਉਸ ਨੇ ‘ਪੰਖੇਰੂ’ ਵਿੱਚ ਛਾਪੇ ਫਿਰ ਗੁਰਮੁਖੀ ਲਿੱਪੀ ਵਿੱਚ ਤਰਜਮਾ ਕਰਕੇ ਚੜ੍ਹਦੇ ਪੰਜਾਬ ਦੇ ਅਖ਼ਬਾਰਾਂ ਵਿੱਚ ਵੀ ਛਪਵਾਏ ਅਤੇ ਬਾਅਦ ਵਿੱਚ ਉਨ੍ਹਾਂ ਬਾਲ ਗੀਤਾਂ ਦੀ ਗੁਰਮੁਖੀ ਲਿਪੀ ਵਿੱਚ ਕਿਤਾਬ ਵੀ ਛਪੀ। ਇਸ ਤਰ੍ਹਾਂ ਸੁਹੇਲ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਲਿੱਪੀ ਵਿੱਚ ਤਰਜਮਾ ਕਰਕੇ ਦੋਹਾਂ ਪੰਜਾਬਾਂ ਵਿੱਚ ਪੁਲ ਦਾ ਸੁਚੱਜਾ ਕਾਰਜ ਵੀ ਕਰ ਰਿਹਾ ਹੈ। ਜਦੋਂ ਕਦੇ ਮਾਂ ਬੋਲੀ ਪੰਜਾਬੀ ਨਾਲ ਧੱਕਾ ਹੁੰਦਾ ਹੋਵੇ ਤਾਂ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਧੱਕੇ ਵਿਰੁੱਧ ਡਟ ਜਾਂਦਾ ਹੈ। ਹਰ ਸਾਲ 21 ਫਰਵਰੀ ਨੂੰ ਮਾਂ ਬੋਲੀ ਪੰਜਾਬੀ ਨੂੰ ਬਣਦਾ ਹੱਕ ਦਿਵਾਉਣ ਲਈ ਸਾਰੇ ਵੱਡੇ ਸ਼ਹਿਰਾਂ ਵਿੱਚ ਰੈਲੀਆਂ ਕਰਦਾ ਹੈ ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਮਿਲ ਸਕੇ। ਅਸ਼ਰਫ ਸੁਹੇਲ ਨੇ ਤਾਂ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਲਈ ਸਿਲੇਬਸ ਦੀਆਂ ਕਿਤਾਬਾਂ ਵੀ ਤਿਆਰ ਕਰ ਲਈਆਂ ਹਨ ਪਰ ਅਗਲਾ ਕੰਮ ਸਰਕਾਰਾਂ ਦਾ ਹੈ।

ਅਸ਼ਰਫ ਸੁਹੇਲ ਦੇ ਮਾਂ ਬੋਲੀ ਦੇ ਸਤਿਕਾਰ ਲਈ ਕੀਤੇ ਵਡਮੁੱਲੇ ਕਾਰਜਾਂ ਲਈ ਦੇਸ਼ ਵਿਦੇਸ਼ ਦੇ ਅਣਗਿਣਤ ਅਦਾਰਿਆਂ ਵੱਲੋਂ ਵੱਡੇ-ਵੱਡੇ ਐਵਾਰਡ-ਸਨਮਾਨ ਮਿਲ ਚੁੱਕੇ ਹਨ ਜੋ ਉਸ ਨੂੰ ਅੱਗੇ ਹੋਰ ਵਧੀਆ ਕਾਰਜ ਕਰਨ ਲਈ ਹਿੰਮਤ ਅਤੇ ਹੌਸਲਾ ਦਿੰਦੇ ਰਹਿੰਦੇ ਹਨ। ਇਨ੍ਹਾਂ ਐਵਾਰਡਾਂ ਵਿੱਚ ਖੱਦਰਪੋਸ਼ ਟਰੱਸਟ ਵੱਲੋਂ ਉਸ ਦੀਆਂ ਤਿੰਨ ਕਿਤਾਬਾਂ ਨੂੰ ਐਵਾਰਡ, ਡਾ. ਫਕੀਰ ਮੁਹੰਮਦ ਫਕੀਰੀ ਐਵਾਰਡ (2003), ਸਾਥੀ ਐਵਾਰਡ (ਕਰਾਚੀ ਤੋਂ), ਤਬੱਸਮੀ ਐਵਾਰਡ (2007), ਹਾਸ਼ਮ ਸ਼ਾਹ ਐਵਾਰਡ, ਕਾਰਵਾਂ-ਇ-ਅਦਬੀ ਐਵਾਰਡ, ਇਸ਼ਕ ਲਹਿਰ ਅਦਬੀ ਐਵਾਰਡ, ਪੰਜਾਬੀ ਸੱਥ ਲਾਂਬੜਾਂ ਤੋਂ (ਪ੍ਰੋ. ਤਰਲੋਚਨ ਸਿੰਘ ਬਾਠੀਆ ਐਵਾਰਡ), ਆਰਫ ਮੈਮੋਰੀਅਲ ਐਵਾਰਡ ( ਜਾਗਦੇ ਰਹਿਣਾ ਕਿਤਾਬ ਲਈ), ਪੰਜਾਬੀ ਸੱਥ ਲਾਂਬੜਾਂ ਤੋਂ (ਡਾ. ਫਕੀਰ ਮੁਹੰਮਦ ਫਕੀਰੀ ਐਵਾਰਡ), ਬਾਬਾ ਫ਼ਰੀਦ ਅਦਬੀ ਐਵਾਰਡ, ਪੰਜਾਬੀ ਸੱਥ ਲਾਂਬੜਾਂ ( ਬੱਚਿਆਂ ਦੀ ਅਦਬੀ ਖਿਦਮਤ ਲਈ ਐਵਾਰਡ), ਕੈਨੇਡਾ ਤੋਂ ਕਲਮ ਫਊਂਡੇਸ਼ਨ ਐਵਾਰਡ ( ਅਜੀਤ ਅਖ਼ਬਾਰ ਵੱਲੋਂ), ਪੰਜਾਬ ਦੀ ਆਵਾਜ਼ ਐਵਾਰਡ, ਅਸੀਸ ਐਵਾਰਡ (ਮੈਂਬਰ ਆਫ ਕੌਸਲ ਫਾਰ ਕਾਰਪੋਰੇਸ਼ਨ ਆਫ ਸਿਟੀ ਬਰੈਂਪਟਨ) ਗੁਰਪ੍ਰੀਤ ਸਿੰਘ ਢਿਲੋਂ ਵੱਲੋਂ।

ਇੰਨੇ ਵੱਡੇ ਐਵਾਰਡ ਮਿਲਣ ’ਤੇ ਵੀ ਅਸ਼ਰਫ ਸੁਹੇਲ ਦੀ ਹਲੀਮੀ ਦੀ ਹੱਦ ਦੇਖੋ- ਉਸ ਦਾ ਕਹਿਣਾ ਹੈ ਕਿ ਮੈਂ ਤਾਂ ਇਮਾਰਤ ਦੀ ਨੀਂਹ ਵਿੱਚ ਲੱਗੇ ਇੱਕ ਪੱਥਰ ਵਾਂਗ ਹਾਂ, ਜਿਹੜਾ ਕਿਸੇ ਦੀ ਨਜ਼ਰ ਨਹੀਂ ਪੈਂਦਾ। ਮੈਂ ਤਾਂ ਇਸ ਨੀਂਹ ’ਤੇ ਉਸਰਨ ਵਾਲੀ ਮਜ਼ਬੂਤ ਤੇ ਖ਼ੂਬਸੂਰਤ ਇਮਾਰਤ ਦੀ ਸ਼ੁਰੂਆਤ ਹੀ ਕੀਤੀ ਹੈ। ਇਹ ਇਮਾਰਤ ਤਾਂ ਪੰਜਾਬੀ ਮਾਂ ਬੋਲੀ ਦੀ ਹੈ। ਇਹ ਇਮਾਰਤ ਮਜ਼ਬੂਤ ਤੇ ਖ਼ੂਬਸੂਰਤ ਤਾਂ ਹੀ ਬਣੇਗੀ ਜੇ ਪੰਜਾਬੀ ਪਿਆਰੇ ਤਨੋਂ-ਮਨੋਂ ‘ਪਖੇਰੂ’ ਨੂੰ ਸਹਿਯੋਗ ਦੇਣਗੇ।

ਸੰਪਰਕ: 99159-95505

LEAVE A REPLY

Please enter your comment!
Please enter your name here