ਨਵੀਂ ਦਿੱਲੀ, 6 ਅਪਰੈਲ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ਲਾਓਸ ’ਚ ਧੋਖੇ ਨਾਲ ਗ਼ੈਰਕਾਨੂੰਨੀ ਕੰਮ ’ਚ ਫਸਾਏ ਗਏ 17 ਭਾਰਤੀ ਵਰਕਰਾਂ ਨੂੰ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਮਦਦ ਲਈ ਲਾਓਸ ਵਿੱਚ ਭਾਰਤੀ ਦੂਤਘਰ ਦੀ ਸ਼ਲਾਘਾ ਵੀ ਕੀਤੀ।

‘ਐਕਸ’ ’ਤੇ ਪੋਸਟ ’ਚ ਉਨ੍ਹਾਂ ਆਖਿਆ, ‘‘ਮੋਦੀ ਸਰਕਾਰ ਦੀ ਗਾਰੰਟੀ ਸਾਰਿਆਂ ਲਈ ਦੇਸ਼ ਅਤੇ ਵਿਦੇਸ਼ ’ਚ ਕੰਮ ਕਰਦੀ ਹੈ। ਲਾਓਸ ’ਚ ਧੋਖੇ ’ਚ ਰੱਖ ਕੇ ਅਸੁਰੱਖਿਅਤ ਅਤੇ ਗ਼ੈਰਕਾਨੂੰਨੀ ਕੰਮ ’ਚ ਫਸਾਏ ਗਏ 17 ਭਾਰਤੀ ਵਰਕਰ ਵਤਨ ਪਰਤ ਰਹੇ ਹਨ। ਲਾਓਸ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਵਧੀਆ ਕੰਮ ਕੀਤਾ, ਸੁਰੱਖਿਅਤ ਵਾਪਸੀ ’ਚ ਮਦਦ ਲਈ ਲਾਓਸ ਦੇ ਅਧਿਕਾਰੀਆਂ ਦਾ ਧੰਨਵਾਦ।’’

ਦੱਸਣਯੋਗ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ਵਿੱਚ ਦਿਲ-ਖਿੱਚਵੀਆਂ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਮਨੁੱਖੀ ਤਸਕਰਾਂ ਦੇ ਝਾਂਸੇ ’ਚ ਆਉਣ ਪ੍ਰਤੀ ਸਾਵਧਾਨ ਕੀਤਾ ਸੀ। ਮੰਤਰਾਲੇ ਨੇ ਐਡਵਾਈਜ਼ਰੀ ਕਰਦਿਆਂ ਦੱਖਣ-ਪੂਰਬੀ ਮੁਲਕ ’ਚ ਨੌਕਰੀ ਲੱਭ ਰਹੇ ਭਾਰਤੀਆਂ ਨਾਗਰਿਕਾਂ ਨੂੰ ਨੌਕਰੀ ਤੋਂ ਪਹਿਲਾਂ ਸੰਭਾਵੀ ਮਾਲਕਾਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਦੀ ਸਲਾਹ ਦਿੱਤੀ ਸੀ। ਐਡਵਾਈਜ਼ਰੀ ’ਚ ਕਿਹਾ ਗਿਆ ਸੀ, ‘‘ਪਤਾ ਲੱਗਾ ਹੈ ਕਿ ਕੰਬੋਡੀਆ ’ਚ ਲੁਭਾਉਣੀਆਂ ਨੌਕਰੀਆਂ ਦੇ ਮੌਕਿਆਂ ਦੇ ਫਰਜ਼ੀ ਵਾਅਦਿਆਂ ’ਚ ਫਸ ਕੇ ਭਾਰਤੀ ਨਾਗਰਿਕ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਰਹੇ ਹਨ।’’ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਆਨਲਾਈਨ ਵਿੱਤੀ ਘੁਟਾਲੇ ਅਤੇ ਹੋਰ ਗ਼ੈਰਕਾਨੂੰਨੀ ਸਰਗਰਮੀਆਂ ਲਈ ‘ਮਜਬੂਰ’ ਕੀਤਾ ਜਾਂਦਾ ਹੈ। -ਪੀਟੀਆਈ

LEAVE A REPLY

Please enter your comment!
Please enter your name here