ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 19 ਫਰਵਰੀ

ਸਨਅਤੀ ਸ਼ਹਿਰ ਵਿੱਚ ਅੱਜ ਤੜਕੇ ਤੋਂ ਹੀ ਤੇਜ਼ ਹਵਾਵਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖਿਆ। ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿੱਚ ਅੱਜ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਰਹੀਆਂ। ਇਸ ਝੱਖੜ ਕਾਰਨ ਸਾਰਾ ਦਿਨ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਸੜਕਾਂ ’ਤੇ ਮਿੱਟੀ ਉੱਡਦੀ ਰਹੀ। ਉੱਧਰ, ਮੌਮਸ ਵਿਭਾਗ ਮੁਤਾਬਕ 22 ਫਰਵਰੀ ਤੱਕ ਮੀਂਹ ਪੈਣ ਤੇ ਗੜੇਮਾਰੀ ਪੈਣ ਦੇ ਆਸਾਰ ਹਨ। ਤੇਜ਼ ਰਫ਼ਤਾਰ ਨਾਲ ਚੱਲਦੀਆਂ ਹਵਾਵਾਂ ਕਰ ਕੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਇੱਕ ਵਾਰ ਫਿਰ ਤੋਂ 7 ਤੋਂ 8 ਡਿਗਰੀ ਤੱਕ ਪੁੱਜਣ ਦੇ ਆਸਾਰ ਹਨ। ਸਨਅਤੀ ਸ਼ਹਿਰ ਵਿੱਚ ਸੋਮਵਾਰ ਸਵੇਰ ਤੋਂ ਹੀ ਤੇਜ਼ ਹਵਾਵਾਂ ਨੇ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ। ਸੜਕਾਂ ’ਤੇ ਚੱਲਣ ਵਾਲੇ ਲੋਕਾਂ ਨੂੰ ਇਸ ਝੱਖੜ ਕਰਕੇ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਵਾ ਕਰ ਕੇ ਕਾਫ਼ੀ ਮਿੱਟੀ ਉੱਡਦੀ ਰਹੀ। ਸੜਕਾਂ ’ਤੇ ਸਬਜ਼ੀ ਤੇ ਹੋਰ ਸਾਮਾਨ ਵੇਚਣ ਵਾਲੇ ਤਾਂ ਕਾਫ਼ੀ ਪ੍ਰੇਸ਼ਾਨ ਦਿਖੇ। ਨਾਲ ਹੀ ਦੋ-ਪਹਿਆ ਵਾਹਨਾਂ ’ਤੇ ਜਾਣ ਵਾਲੇ ਲੋਕਾਂ ਨੂੰ ਵੀ ਝੱਖੜ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਕਿ 19 ਤੋਂ 22 ਫਰਵਰੀ ਤੱਕ ਮੌਸਮ ਵਿੱਚ ਤਬਦੀਲੀ ਆਵੇਗੀ। ਤਿੰਨ ਦਿਨ ਤੱਕ ਮੌਮਸ ਵਿਭਾਗ ਨੇ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੋਇਆ ਸੀ। ਇਸ ਸਬੰਧੀ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸੀ।

ਪੀਏਯੂ ਦੇ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਮੌਸਮ ਵਿੱਚ ਕਾਫ਼ੀ ਤਬਦੀਲੀ ਆਈ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਮੀਂਹ ਤੇ ਗੜੇਮਾਰੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here