ਦਰਸ਼ਨ ਸਿੰਘ ਸੋਢੀ

ਮੁਹਾਲੀ, 30 ਮਾਰਚ

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ 5 ਕਿੱਲੋ 400 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਡੀਐੰਸਪੀ (ਡੀ) ਹਰਸਿਮਰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੋਮਿਆ ਸੈਂਡੀ ਵਾਸੀ ਪਿੰਡ ਬਿਰਦਾ ਥਾਣਾ ਟੈਬੋ ਅਤੇ ਸੀਤਾ ਰਾਮ ਬੋਦਰਾ ਵਾਸੀ ਪਿੰਡ ਜਰਾਕੇਲ ਥਾਣਾ ਟੈਬੋ (ਝਾਰਖੰਡ) ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਐੰਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹਰਸਿਮਰਤ ਸਿੰਘ ਨੇ ਦੱਸਿਆ ਕਿ ਐੱਸਪੀ (ਡੀ) ਸ੍ਰੀਮਤੀ ਜਯੋਤੀ ਯਾਦਵ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮੁਹਾਲੀ ਦੀ ਜੂਹ ਵਿੱਚ ਬਲੌਂਗੀ ਬੈਰੀਅਰ ’ਤੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਮਸ਼ਕੂਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਬਾਅਦ ਦੁਪਹਿਰ ਕਰੀਬ ਤਿੰਨ ਵਜੇ ਸੀਆਈਏ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਗੋਮਿਆ ਸੈਂਡੀ ਅਤੇ ਸੋਮਾ ਸੈਂਡੀ ਵੱਡੇ ਪੱਧਰ ’ਤੇ ਝਾਰਖੰਡ ਤੋਂ ਅਫ਼ੀਮ ਲਿਆ ਕੇ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦੇ ਹਨ। ਅੱਜ ਵੀ ਇਹ ਵਿਅਕਤੀ ਮੁਹਾਲੀ ਨੇੜੇ ਕਸਬਾ ਬਲੌਂਗੀ ਵਿੱਚ ਅਫ਼ੀਮ ਸਪਲਾਈ ਕਰਨ ਆ ਰਹੇ ਹਨ। ਇਸ ਦੌਰਾਨ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੋਮਿਆ ਸੈਂਡੀ ਕੋਲੋਂ 2 ਕਿੱਲੋ 700 ਗਰਾਮ ਅਤੇ ਸੀਤਾ ਰਾਮ ਤੋਂ 2 ਕਿੱਲੋ 700 ਗਰਾਮ ਅਫ਼ੀਮ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਗਈ। ਡੀਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਮੰਨਿਆਂ ਕਿ ਉਹ ਝਾਰਖੰਡ ਤੋਂ ਸਸਤੇ ਭਾਅ ’ਤੇ ਅਫ਼ੀਮ ਲਿਆ ਕੇ ਮੁਹਾਲੀ ਸਮੇਤ ਪੰਜਾਬ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਸਪਲਾਈ ਕਰਦੇ ਹਨ ਅਤੇ ਹੁਣ ਤੱਕ ਉਹ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰ ਚੁੱਕੇ ਹਨ।

LEAVE A REPLY

Please enter your comment!
Please enter your name here