ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਫਰਵਰੀ

ਪ੍ਰਗਤੀ ਮੈਦਾਨ ਵਿੱਚ ਚੱਲ ਰਿਹਾ ਵਿਸ਼ਵ ਪੁਸਤਕ ਮੇਲਾ ਅੱਜ ਸਮਾਪਤ ਹੋ ਗਿਆ। ਹਫਤੇ ਦੇ ਛੁੱਟੀ ਵਾਲੇ ਦਿਨ ਹੋਣ ਕਾਰਨ ਅੱਜ ਮੇਲੇ ਵਿੱਚ ਲੋਕਾਂ ਨੇ ਭਰਵੀਂ ਹਾਜ਼ਰੀ ਲਵਾਈ। ਵੱਡੀ ਗਿਣਤੀ ਵਿੱਚ ਲੋਕ ਮੇਲੇ ਵਿੱਚ ਪੁਸਤਕਾਂ ਖਰੀਦਣ ਲਈ ਪਹੁੰਚੇ ਤੇ ਇਸ ਮੌਕੇ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ’ਤੇ ਵੱਡੇ ਪੱਧਰ ’ਤੇ ਰਿਆਇਤਾਂ ਵੀ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿਨ ਭਰ ਮੇਲੇ ਦੇ ਹਰ ਪੰਡਾਲ ਵਿੱਚ ਖੂਬ ਰੌਣਕ ਰਹੀ ਤੇ ਸਵੇਰ ਤੋਂ ਹੀ ਪਾਠਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਮੇਲੇ ਵਿੱਚ ਦੁਪਹਿਰ ਤੱਕ ਪੂਰਾ ਇਕੱਠ ਰਿਹਾ, ਜੋ ਸ਼ਾਮ ਪੈਣ ’ਤੇ ਹੌਲੀ-ਹੌਲੀ ਘਟਿਆ। ਬੀਤੀ ਸ਼ਾਮ ਵੀ ਪ੍ਰਗਤੀ ਮੈਦਾਨ ਵਿੱਚ ਪਾਠਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ ਸੀ। ਦਿਨ ਭਰ ਮੇਲੇ ਦੇ ਹਰ ਮੰਡਪ ਵਿੱਚ ਖੂਬ ਰੌਣਕ ਰਹੀ। ਵੱਖ-ਵੱਖ ਸਾਹਿਤਕ ਪ੍ਰੋਗਰਾਮਾਂ ਵਿੱਚ ਵੀ ਪੁਸਤਕ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੇਲੇ ਦੇ ਪ੍ਰਬੰਧਕਾਂ ਨੈਸ਼ਨਲ ਬੁੱਕ ਟਰੱਸਟ ਅਨੁਸਾਰ ਸ਼ਨਿਚਰਵਾਰ ਨੂੰ ਮੇਲੇ ਵਿੱਚ ਆਉਣ ਵਾਲੇ ਪੁਸਤਕ ਪ੍ਰੇਮੀਆਂ ਦੀ ਗਿਣਤੀ ਡੇਢ ਲੱਖ ਨੂੰ ਪਾਰ ਕਰ ਗਈ ਸੀ। ਮੇਲੇ ਦੌਰਾਨ ਹਾਲ ਨੰਬਰ ਇੱਕ ਤੋਂ ਪੰਜ ’ਚ ਸਾਹਿਤਕਾਰਾਂ, ਸਿੱਖਿਆ ਸ਼ਾਸਤਰੀਆਂ ਤੇ ਬਹੁਤ ਸਾਰੇ ਪੁਸਤਕ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ। ਐਤਵਾਰ ਨੂੰ ਵੀ ਲੋਕ ਸਟਾਲਾਂ ’ਤੇ ਆਪਣੀ ਮਨਪਸੰਦ ਕਿਤਾਬਾਂ ਦੀ ਭਾਲ ’ਚ ਰੁੱਝੇ ਰਹੇ। ਪ੍ਰਕਾਸ਼ਕਾਂ ਨੇ ਵੀ ਛੋਟ ਦਾ ਘੇਰਾ ਵਧਾ ਦਿੱਤਾ। ਕੁਝ ਥਾਵਾਂ ’ਤੇ 25 ਤੋਂ 30 ਫੀਸਦ ਤੱਕ ਦੀ ਛੋਟ ਦਿੱਤੀ ਗਈ, ਜਦਕਿ ਕਈ ਪ੍ਰਕਾਸ਼ਕਾਂ ਨੇ 40 ਤੋਂ 50 ਫੀਸਦ ਛੋਟ ਨਾਲ ਕਿਤਾਬਾਂ ਵੇਚੀਆਂ।

LEAVE A REPLY

Please enter your comment!
Please enter your name here