ਪੱਤਰ ਪ੍ਰੇਰਕ

ਨਵੀਂ ਦਿਲੀ, 22 ਮਾਰਚ

ਇੱਥੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੀ ਚੋਣ ਲਈ ਸਵੇਰੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2.30 ਤੋਂ ਸ਼ਾਮ 5.30 ਵਜੇ ਤੱਕ ਦੋ ਸ਼ਿਫਟਾਂ ਵਿੱਚ ਵੋਟਾਂ ਪਈਆਂ। ਵੋਟਿੰਗ ਬੈਲਟ ਪੇਪਰ ਰਾਹੀਂ ਹੋਈ। ਇਸ ਦੌਰਾਨ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਚਾਰ ਅਹੁਦਿਆਂ ਲਈ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ। ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਰੱਦ ਹੋਣ ’ਤੇ ਖੱਬੇ ਪੱਖੀ ਪੈਨਲ ਦੀ ਸਵਾਤੀ ਸਿੰਘ ਅਦਾਲਤ ਦਾ ਰੁਖ ਕਰੇਗੀ। ਉਹ ਅਦਾਲਤ ਤੋਂ ਸਕੱਤਰ ਦੇ ਅਹੁਦੇ ਲਈ ਮੁੜ ਚੋਣ ਕਰਵਾਉਣ ਦੀ ਮੰਗ ਕਰੇਗੀ। ਹਾਲ ਦੀ ਘੜੀ ਖੱਬੇ ਪੱਖੀ ਪੈਨਲ ਨੇ ਸਕੱਤਰ ਦੇ ਅਹੁਦੇ ਲਈ ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ (ਬਾਪਸਾ) ਦੇ ਉਮੀਦਵਾਰ ਦੀ ਹੀ ਹਮਾਇਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਜੇਐੱਨਯੂਐੱਸਯੂ ਵਿੱਚ ਚਾਰ ਸਾਲਾਂ ਬਾਅਦ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋ ਰਹੀਆਂ ਹਨ। ਸ਼ਨਿਚਰਵਾਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਐਤਵਾਰ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਆਇਸਾ, ਐੱਸਐੱਫਆਈ, ਡੀਐੱਸਐੱਫ ਤੇ ਏਐੱਸਐੱਫਆਈ ਨੇ ਸਾਂਝੇ ਪੈਨਲ ਦਾ ਐਲਾਨ ਕੀਤਾ ਹੈ। ਏਬੀਵੀਪੀ ਨੇ ਕੇਂਦਰੀ ਪੈਨਲ ਤੇ ਕੌਂਸਲਰ ਲਈ, ਬਾਪਸਾ ਨੇ ਸਾਰੇ ਚਾਰ ਅਹੁਦਿਆਂ ਲਈ, ਐੱਨਐੱਸਯੂਆਈ ਨੇ ਪ੍ਰਧਾਨ ਤੇ ਸਕੱਤਰ ਅਤੇ ਸੀਆਰਜੇਡੀ, ਸਮਾਜਵਾਦੀ ਵਿਦਿਆਰਥੀ ਸਭਾ ਤੇ ਦਿਸ਼ਾ ਵਿਦਿਆਰਥੀ ਸੰਗਠਨ ਨੇ ਪ੍ਰਧਾਨ ਦੇ ਅਹੁਦੇ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਖੱਬੀਆਂ ਧਿਰਾਂ ਦੀ ਜਨਰਲ ਸਕੱਤਰ ਦੇ ਅਹੁਦੇ ਲਈ ਸਵਾਤੀ ਸਿੰਘ ਦੀ ਉਮੀਦਵਾਰੀ ਰੱਦ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਚੋਣ ਤੋਂ ਕੁਝ ਘੰਟੇ ਪਹਿਲਾਂ ਜੇਐੱਨਯੂ ਪ੍ਰਸ਼ਾਸਨ ਨੇ ਖੱਬੀਆਂ ਧਿਰਾਂ ਦੀ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਸਵਾਤੀ ਸਿੰਘ ਦੀ ਉਮੀਦਵਾਰੀ ਰੱਦ ਕਰ ਦਿੱਤੀ। ਸੰਯੁਕਤ ਖੱਬੇ ਪੱਖੀ ਪੈਨਲ ਨੇ ਦੋਸ਼ ਲਾਇਆ ਕਿ ਜੇਐੱਨਯੂਐੱਸਯੂ ਚੋਣਾਂ ਲਈ ਨਿਰਧਾਰਿਤ ਮਤਦਾਨ ਹੋਣ ਤੋਂ ਕੁਝ ਘੰਟੇ ਪਹਿਲਾਂ ਜੇਐੱਨਯੂ ਪ੍ਰਸ਼ਾਸਨ ਦੀ ਇੱਕ ਕੋਝੀ ਹਰਕਤ ਵਿੱਚ ਸਵਾਤੀ ਸਿੰਘ ਦੀ ਉਮੀਦਵਾਰੀ ਨੂੰ ਗੈਰ-ਕਾਨੂੰਨੀ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਉਹ ਜੇਐੱਨਯੂਐੱਸਯੂ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੀ ਸੀ। ਬਿਆਨ ਵਿੱਚ ਕਿਹਾ ਗਿਆ, ‘‘ਭਾਵੇਂ ਕਿ ਸਵਾਤੀ ਸਿੰਘ ਦੀ ਉਮੀਦਵਾਰੀ ਅਟਕ ਗਈ ਹੈ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਮੁੜ ਚੋਣ ਹੀ ਇੱਕੋ-ਇੱਕ ਜਵਾਬ ਹੈ, ਅਸੀਂ ਜੇਐਨਯੂ ਦੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਬਾਹਰ ਆਉਣ ਅਤੇ ਵਿਦਿਆਰਥੀ ਜਮਹੂਰੀਅਤ ’ਤੇ ਹੋਏ ਇਸ ਹਮਲੇ ਵਿਰੁੱਧ ਵੋਟ ਪਾਉਣ ਦੀ ਅਪੀਲ ਕਰਦੇ ਹਾਂ।’’ ਪੈਨਲ ਨੇ ਕਿਹਾ, ‘‘ਪ੍ਰਸ਼ਾਸਨਿਕ ਕਾਰਵਾਈ ਦੀ ਆੜ ਵਿੱਚ ਫਾਸ਼ੀਵਾਦੀਆਂ ਦੇ ਕੈਂਪਸ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।’’

LEAVE A REPLY

Please enter your comment!
Please enter your name here