ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 4 ਮਾਰਚ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਧਰਨੇ ਦੇ ਸਮਰਥਨ ਵਿੱਚ ਅੱਜ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜੰਡਿਆਲਾ ਗੁਰੂ ਦੇ ਹਵੇਲੀ ਰੈਸਟੋਰੈਂਟ ਅਤੇ ਪਿੰਡ ਦੇਵੀਦਾਸਪੁਰਾ ਦੇ ਕੋਲ ਜਗ੍ਹਾ ਜਗ੍ਹਾ ‘ਤੇ ਸਵੇਰ ਤੋਂ ਹੀ ਨਾਕੇਬੰਦੀ ਕਰ ਦਿੱਤੀ ਸੀ। ਇਸ ਸਬੰਧੀ ਰੇਲ ਰੋਕਣ ਦਾ ਯਤਨ ਕਰ ਰਹੇ ਕੁਝ ਆਗੂਆਂ ਨੂੰ ਪਿੰਡ ਦੇਵੀਦਾਸਪੁਰਾ ਤੋਂ ਹਿਰਾਸਤ ਵਿੱਚ ਵੀ ਲਿਆ ਗਿਆ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਭਾਈ ਜਸਬੀਰ ਸਿੰਘ ਬਚੜੇ, ਉਪਕਾਰ ਸਿੰਘ ਸੰਧੂ ਅਤੇ ਸੱਤ ਅੱਠ ਹੋਰ ਆਗੂ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਆਗੂ ਭਾਈ ਸੁਖਵਿੰਦਰ ਸਿੰਘ ਮਹਿਤਾ ਨੇ ਦੱਸਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਗਰੁੱਪ ਵੱਲੋਂ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਉਹ ਮੰਗ ਕਰ ਰਹੇ ਹਨ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇੱਥੇ ਤਬਦੀਲ ਕਰਕੇ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲਾਂ ਵਿੱਚ ਵੀ ਇਹੋ ਜਿਹੇ ਕਈ ਸਿੱਖ ਨਜ਼ਰਬੰਦ ਹਨ, ਜਿਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਇਸ ਤਰ੍ਹਾਂ ਦਾ ਵਿਹਾਰ ਕਰਕੇ ਸਰਕਾਰਾਂ ਸਿੱਖਾਂ ਦੇ ਨਾਲ ਬੇਇਨਸਾਫੀ ਕਰ ਰਹੀਆਂ ਹਨ। ਇਸ ਸਬੰਧੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਹੌਲ ਸ਼ਾਂਤੀਪੂਰਨ ਹੈ ਅਤੇ ਸਾਰੀਆਂ ਟ੍ਰੇਨਾਂ ਚੱਲ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕੁਝ ਲੋਕ ਇਸ ਸਬੰਧੀ ਆਏ ਸਨ, ਜਿਨਾਂ ਨੂੰ ਪੁਲੀਸ ਨੇ ਪ੍ਰੀਵੈਂਟਿਵ ਕਸਟਡੀ ਵਿੱਚ ਲਿਆ ਹੈ।

LEAVE A REPLY

Please enter your comment!
Please enter your name here