ਪ੍ਰਭੂ ਦਿਆਲ

ਸਿਰਸਾ, 18 ਅਪਰੈਲ

ਵਿਸਾਖੀ ਦੇ ਦਿਨ ਗੁਰਦੁਆਰੇ ਸੇਵਾ ਕਰਨ ਜਾ ਰਹੀ ਪਤਨੀ ਤੇ ਉਸ ਦੀ ਸੇਹਲੀ ਨੂੰ ਕਥਿਤ ਤੌਰ ’ਤੇ ਟਰੱਕ ਹੇਠ ਦਰੜ ਕੇ ਕਤਲ ਕਰਨ ਦੇ ਮਾਮਲੇ ’ਚ ਪੁਲੀਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਨੌਹਰ ਹਾਲ ਵਾਸਲ ਗਲੀ ਗਿਆਰਾਂ ਪ੍ਰੀਤ ਨਗਰ ਸਿਰਸਾ, ਗੁਰਜੰਟ ਸਿੰਘ ਵਾਸੀ ਨਗਰਾਣਾ ਥੇੜ੍ਹ, ਕੁਲਦੀਪ ਸਿੰਘ ਅਤੇ ਪ੍ਰੇਮ ਸਿੰਘ ਵਾਸੀ ਕੰਗਣਪੁਰ ਵਜੋਂ ਕੀਤੀ ਗਈ ਹੈ। ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਹੈ ਕਿ ਪੁਲੀਸ ਨੇ ਵਾਰਦਾਤ ’ਚ ਵਰਤਿਆ ਟਰੱਕ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵਾਰਦਾਤ ਦੇ ਸਮੇਂ ਕਰਮਜੀਤ ਕੌਰ ਦਾ ਪਤੀ ਗੁਰਜੀਤ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਕੁਲਦੀਪ ਸਿੰਘ ਟਰੱਕ ’ਚ ਸਵਾਰ ਸਨ, ਜਦੋਂਕਿ ਦੂਜੇ ਮੁਲਜ਼ਮ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਕਰਮਜੀਤ ਕੌਰ ਦੇ ਭਰਾ ਅੰਗਰੇਜ਼ ਸਿੰਘ ਵਾਸੀ ਪਿੰਡ ਚੈਨੇਵਾਲਾ, ਜ਼ਿਲ੍ਹਾ ਮਾਨਸਾ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਭੈਣ ਦੀ ਮੌਤ ਹਾਦਸੇ ’ਚ ਨਹੀਂ ਹੋਈ। ਉਸ ਨੂੰ ਉਸ ਦੇ ਪਤੀ ਵੱਲੋਂ ਟਰੱਕ ਹੇਠ ਦਰੜ ਕੇ ਕਤਲ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਮਜੀਤ ਕੌਰ ਆਪਣੀ ਗੁਆਂਢਣ ਸਹੇਲੀ ਨਾਲ ਗੁਰਦੁਆਰੇ ਸੇਵਾ ਲਈ ਜਾ ਰਹੀਆਂ ਸਨ ਤਾਂ ਰਾਹ ’ਚ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ ਸੀ ਕੇ ਕਈ ਮੀਟਰ ਤੱਕ ਉਨ੍ਹਾਂ ਨੂੰ ਘੜੀਸਦਾ ਲੈ ਗਿਆ, ਜਿਸ ਨਾਲ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here