ਪੱਤਰ ਪ੍ਰੇਰਕ

ਯਮੁਨਾਨਗਰ, 26 ਮਾਰਚ

ਪਿੰਡ ਬਾਡੀ ਮਾਜਰਾ ਗਧੌਲੀ ਮਾਜਰੀ ਵਿੱਚ ਅਣਪਛਾਤੇ ਵਿਅਕਤੀ ਨੇ ਫੈਕਟਰੀ ਦੇ ਚੌਕੀਦਾਰ ਰਾਹੁਲ ਵਾਸੀ ਪਿੰਡ ਸੰਨਾ ਪੱਟੀ ਬਿਹਾਰ ਦਾ ਸਿਰ ਅਤੇ ਮੂੰਹ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਚੌਕੀਦਾਰ ਦੀ ਲਾਸ਼ ਫੈਕਟਰੀ ਨੇੜੇ ਸੜਕ ਕਿਨਾਰੇ ਪਈ ਮਿਲੀ। ਲਾਸ਼ ਦੇ ਕੋਲ ਹੀ ਖੂਨ ਨਾਲ ਲੱਥਪੱਥ ਪੱਥਰ ਪਿਆ ਸੀ। ਰਾਹੁਲ ਤਿੰਨ ਮਹੀਨੇ ਪਹਿਲਾਂ ਹੀ ਫੈਕਟਰੀ ਵਿੱਚ ਚੌਕੀਦਾਰ ਵਜੋਂ ਭਰਤੀ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਕਮਲ ਕਿਸ਼ੋਰ ਲੂਥਰਾ ਵਾਸੀ ਸ੍ਰੀਨਗਰ ਕਲੋਨੀ ਜਗਾਧਰੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਪਿੰਡ ਗਧੌਲੀ ਮਾਜਰੀ ਵਿੱਚ ਸ੍ਰੀ ਰਾਧੇ ਵੁੱਡਜ਼ ਦੇ ਨਾਂ ਦੀ ਫੈਕਟਰੀ ਹੈ। ਬਿਹਾਰ ਦੇ ਪਿੰਡ ਸੰਨਾ ਪੱਟੀ ਦਾ ਰਹਿਣ ਵਾਲਾ ਰੂਪਕ ਫੈਕਟਰੀ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਰੂਪਕ ਆਪਣੇ ਭਰਾ ਰਾਹੁਲ ਨੂੰ ਉਨ੍ਹਾਂ ਕੋਲ ਛੱਡ ਕੇ ਬਿਹਾਰ ਚਲਾ ਗਿਆ। ਹੁਣ ਰਾਹੁਲ ਫੈਕਟਰੀ ਵਿੱਚ ਰਾਤ ਦੇ ਚੌਕੀਦਾਰ ਵਜੋਂ ਕੰਮ ਕਰਦਾ ਸੀ। 25 ਮਾਰਚ ਨੂੰ ਜਦੋਂ ਹੋਲੀ ਕਾਰਨ ਫੈਕਟਰੀ ਬੰਦ ਸੀ ਤਾਂ ਰਾਹੁਲ ਆਪਣੇ ਦੋਸਤਾਂ ਨਾਲ ਹੋਲੀ ਦਾ ਤਿਉਹਾਰ ਮਨਾਉਣ ਲਈ ਫੈਕਟਰੀ ਤੋਂ ਨਿਕਲ ਗਿਆ। ਰਾਤ ਨੂੰ ਜਦੋਂ ਉਹ ਨਾ ਆਇਆ ਤਾਂ ਉਨ੍ਹਾਂ ਨੇ ਠੇਕੇਦਾਰ ਨਾਗੇਸ਼ ਨੂੰ ਫੋਨ ਕਰਕੇ ਰਾਹੁਲ ਬਾਰੇ ਪੁੱਛਿਆ। ਨਾਗੇਸ਼ ਨੇ ਦੱਸਿਆ ਕਿ ਰਾਹੁਲ ਫੈਕਟਰੀ ਨਹੀਂ ਆਇਆ। ਕੁਝ ਸਮੇਂ ਬਾਅਦ ਉਸ ਨੂੰ ਨਾਗੇਸ਼ ਦਾ ਫੋਨ ਆਇਆ ਕਿ ਰਾਹੁਲ ਦੀ ਲਾਸ਼ ਫੈਕਟਰੀ ਦੇ ਕੋਲ ਸੜਕ ਕਿਨਾਰੇ ਪਈ ਹੈ। ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚੇ ਅੇਤ ਪੁਲੀਸ ਨੂੰ ਸੂਚਿਤ ਕਰ ਦਿੱਤਾ।

LEAVE A REPLY

Please enter your comment!
Please enter your name here