ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 12 ਮਾਰਚ

ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਦਿ ਨੈਸ਼ਨਲ ਅਸੈਸਮੈਂਟ ਐਂਡ ਅਕ੍ਰੇਡੀਟੇਸ਼ਨ ਕੌਂਸਲ) (ਐਨਏਏਸੀ) ਵੱਲੋਂ ਸੀਜੀਸੀ ਕਾਲਜ ਲਾਂਡਰਾਂ ਦੇ ਚੰਡੀਗੜ੍ਹ ਇੰਜਨੀਅਰਿੰਗ ਕਾਲਜ (ਸੀਈਸੀ) ਨੂੰ ਏ-ਪਲੱਸ ਗਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਸਥਾ ਨੇ 4 ਪੁਆਇੰਟ ਸਕੇਲ ਤੇ 3.42 ਦਾ ਗ੍ਰੇਡ ਪੁਆਇੰਟ ਔਸਤ (ਸੀਜੀਪੀਏ) ਸਕੋਰ ਹਾਸਲ ਕੀਤਾ ਹੈ। ਸੀਜੀਸੀ ਲਾਂਡਰਾਂ ਨੂੰ ਇਹ ਗਰੇਡ ਪਾਠਕ੍ਰਮ ਦੇ ਪਹਿਲੂਆਂ, ਟੀਚਿੰਗ ਲਰਨਿੰਗ, ਖੋਜ, ਨਵੀਨਤਾਵਾਂ ਅਤੇ ਵਿਸਥਾਰ, ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ, ਵਿਦਿਆਰਥੀ ਸਹਾਇਤਾ ਅਤੇ ਤਰੱਕੀ, ਗਵਰਨੈਂਸ, ਲੀਡਰਸ਼ਿਪ ਤੇ ਪ੍ਰਬੰਧਨ, ਸੰਸਥਾਗਤ ਮੁੱਲ ਅਤੇ ਵਧੀਆ ਅਭਿਆਸ ਆਦਿ ਪ੍ਰਮੁੱਖ ਮਾਪਦੰਡਾਂ ’ਤੇ ਮੁਲਾਂਕਣ ਕਰਨ ਉਪਰੰਤ ਪ੍ਰਦਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਐਨਏਏਸੀ ਸਾਲ 1994 ਵਿੱਚ ਸਥਾਪਿਤ ਕੀਤੀ ਗਈ ਸੀ। ਇਹ ਇੱਕ ਅਜਿਹੀ ਖ਼ੁਦਮੁਖ਼ਤਿਆਰੀ ਸੰਸਥਾ ਹੈ ਜੋ ਉੱਚ ਸਿੱਖਿਆ ਸੰਸਥਾਵਾਂ (ਹਾਈਅਰ ਐਜੂਕੇਸ਼ਨ ਇੰਸਟੀਚਿਊਟਸ) ਜਿਵੇਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਗੁਣਵੱਤਾ ਸਟੇਟਸ ਦਾ ਮੁਲਾਂਕਣ ਕਰਦੀ ਹੈ ਅਤੇ ਉਨ੍ਹਾਂ ਨੂੰ ਮਾਨਤਾ ਦਿੰਦੀ ਹੈ। ਐਨਏਏਸੀ ਰੇਟਿੰਗ ਦੇਣ ਤੋਂ ਪਹਿਲਾਂ ਕਿਸੇ ਸੰਸਥਾ ਦੀ ਅਧਿਆਪਨ ਵਿਧੀਆਂ, ਖੋਜ ਆਊਟਪੁੱਟ, ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਦਿੱਤੀ ਜਾ ਰਹੀ ਸਿੱਖਿਆ ਦੀ ਸਮੁੱਚੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਖ਼ਤ ਮੁਲਾਂਕਣ ਪ੍ਰਕਿਰਿਆ ਕਰਦੀ ਹੈ।

ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਜੀਸੀ ਲਾਂਡਰਾਂ ਨੂੰ ਐਨਏਏਸੀ ਏ-ਪਲੱਸ ਗਰੇਡ ਨਾਲ ਸਨਮਾਨਿਤ ਕੀਤਾ ਜਾਣਾ ਮਾਣ ਵਾਲੀ ਗੱਲ ਹੈ। ਇਹ ਸਫਲਤਾ ਇਸ ਖੇਤਰ ਵਿੱਚ ਸਭ ਤੋਂ ਭਰੋਸੇਮੰਦ, ਕਿਫ਼ਾਇਤੀ ਅਤੇ ਗੁਣਵੱਤਾ ਆਧਾਰਿਤ ਉੱਚ ਸਿੱਖਿਆ ਸੰਸਥਾ ਦੇ ਰੂਪ ਵਿੱਚ ਸੀਜੀਸੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਦੌਰਾਨ ਕੈਂਪਸ ਡਾਇਰੈਕਟਰ ਡਾ.ਪੀ.ਐਨ. ਰਿਸ਼ੀਕੇਸ਼ਾ ਨੇ ਸੀਈਸੀ-ਸੀਜੀਸੀ ਦੇ ਸਮੂਹ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਜ਼ਰੀਏ ਇਸ ਬੇਮਿਸਾਲ ਮੀਲ ਪੱਥਰ ਨੂੰ ਹਾਸਲ ਕਰਨ ਦਾ ਸਿਹਰਾ ਦਿੱਤਾ ਅਤੇ ਤਹਿ ਦਿਲੋਂ ਵਧਾਈ ਦਿੱਤੀ।

LEAVE A REPLY

Please enter your comment!
Please enter your name here