ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 20 ਅਪਰੈਲ

ਇੱਥੇ ਸ਼ੇਰਪੁਰ ਪੁਲ ਨੇੜੇ ਸੂਟਕੇਸ ’ਚ ਟੁੱਕੜਿਆਂ ’ਚ ਮਿਲੀ ਲਾਸ਼ ਦੇ ਮਾਮਲੇ ’ਚ 9 ਦਿਨ ਬੀਤਣ ਤੋਂ ਬਾਅਦ ਵੀ ਪੁਲੀਸ ਦੇ ਹੱਥ ਅਜਿਹਾ ਕੋਈ ਸਬੂਤ ਨਹੀਂ ਲੱਗਾ ਕਿ ਲਾਸ਼ ਦੀ ਪਛਾਣ ਹੋ ਸਕੇ ਤੇ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ। ਜਾਣਕਾਰੀ ਅਨੁਸਾਰ ਪੁਲੀਸ ਨੇ ਆਸਪਾਸ ਦੇ ਕਈ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਹੈ, ਜਿਨ੍ਹਾਂ ਵਿੱਚ ਪੁਲੀਸ ਨੂੰ 2 ਕਾਰਾਂ ਤੋਂ ਇਲਾਵਾ ਇੱਕ ਆਟੋ ਸ਼ੱਕੀ ਲੱਗਿਆ ਹੈ, ਪਰ ਉਸ ਦਾ ਵੀ ਨੰਬਰ ਪੜ੍ਹਿਆ ਨਹੀਂ ਜਾ ਰਿਹਾ। ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਲਗਾਤਾਰ ਜਾਂਚ ਕਰ ਰਹੀਆਂ ਹਨ। ਕਈ ਤਰ੍ਹਾਂ ਦੇ ਡੰਪ ਚੁੱਕੇ ਗਏ ਹਨ ਤਾਂ ਕਿ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਸੂਟ ਕੇਸ ’ਤੇ ਵੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਜਿਸ ਲਿਫ਼ਾਫ਼ੇ ’ਚ ਲਾਸ਼ ਮਿਲੀ ਹੈ, ਉਹ ਲਿਫ਼ਾਫ਼ਾ ਜਿਸ ਕੰਪਨੀ ਦਾ ਹੈ, ਉਸ ਦੀਆਂ ਸ਼ਾਖਾਵਾਂ ’ਤੇ ਵੀ ਕੁਝ ਦਿਨ ਪਹਿਲਾਂ ਪੁਲੀਸ ਨੇ ਪੁੱਛ-ਪੜਤਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਤਿੰਨ ਵਾਹਨ ਸ਼ੱਕੀ ਮਿਲੇ ਹਨ ਜਿਨ੍ਹਾਂ ਦੇ ਨੰਬਰ ਹਨੇਰਾ ਹੋਣ ਕਾਰਨ ਸਾਫ਼ ਨਹੀਂ ਹੋ ਰਹੇ। ਸੀਸੀਟੀਵੀ ’ਤੇ ਲਾਈਟ ਪੈ ਰਹੀ ਹੈ, ਜਿਸ ਕਾਰਨ ਨੰਬਰ ਪੜ੍ਹਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁਲੀਸ ਦਾ ਪਹਿਲਾਂ ਕੰਮ ਇਹ ਹੈ ਕਿ ਲਾਸ਼ ਦੀ ਪਛਾਣ ਹੋ ਸਕੇ। ਜੇਕਰ ਮ੍ਰਿਤਕ ਦੀ ਪਛਾਣ ਹੋ ਜਾਵੇ ਤਾਂ ਮੁਲਜ਼ਮਾਂ ਤੱਕ ਪੁੱਜਣ ’ਚ ਆਸਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਾਹਨਾਂ ਬਾਰੇ ਪਤਾ ਲੱਗਾ ਹੈ, ਉਨ੍ਹਾਂ ਦੀ ਜਾਂਚ ਲਈ ਦੋਰਾਹਾ ਤੇ ਹੋਰ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here