ਗੁਰਦੀਪ ਸਿੰਘ ਲਾਲੀ

ਸੰਗਰੂਰ, 3 ਮਾਰਚ

ਪੰਜਾਬ ਪੁਲੀਸ ਭਰਤੀ-2016 ਦੀਆਂ ਦੋ ਉਮੀਦਵਾਰ ਲੜਕੀਆਂ ਇਥੇ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇੱਕ ਮੋਬਾਈਲ ਟਾਵਰ ਉਪਰ ਚੜ੍ਹ ਗਈਆਂ ਜਦੋਂ ਕਿ ਮੋਬਾਈਲ ਟਾਵਰ ਨੇੜੇ ਪੁਲੀਸ ਭਰਤੀ ਉਮੀਦਵਾਰਾਂ ਵਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ 2016 ਦੀ ਪੰਜਾਬ ਪੁਲੀਸ ਭਰਤੀ ਦੀ ਵੇਟਿੰਗ ਸੂਚੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਦੋ ਮਹਿਲਾ ਉਮੀਦਵਾਰ ਹਰਦੀਪ ਕੌਰ ਅਤੇ ਅਮਨਦੀਪ ਕੌਰ ਟਾਵਰ ਉਪਰ ਚੜ੍ਹ ਗਈਆਂ। ਇਸ ਮੌਕੇ ਪੁਲੀਸ ਭਰਤੀ ਉਮੀਦਵਾਰਾਂ ਦੇ ਮੁੱਖ ਆਗੂਆਂ ਅਮਨਦੀਪ ਸਿੰਘ, ਜਗਸੀਰ ਸਿੰਘ, ਨਗਿੰਦਰ ਸਿੰਘ, ਧਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲੀਸ ਵਿਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਜਿਸ ਦਾ ਨਤੀਜਾ 26 ਅਕਤੂਬਰ 2016 ਨੂੰ ਐਲਾਨ ਦਿੱਤਾ ਗਿਆ ਸੀ। ਇਸ ਨਤੀਜੇ ਵਿਚ ਉਮੀਦਵਾਰਾਂ ਦੀ ਭਰਤੀ ਕਰ ਲਈ ਗਈ ਅਤੇ ਅਨੇਕਾਂ ਉਮੀਦਵਾਰਾਂ ਨੂੰ ਵੇਟਿੰਗ ਲਿਸਟ ਵਿਚ ਰੱਖਿਆ ਗਿਆ। ਫ਼ਿਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਅਤੇ ਉਮੀਦਵਾਰਾਂ ਵਲੋਂ ਨਿਯੁਕਤੀ ਪੱਤਰ ਲੈਣ ਲਈ ਸੰਘਰਸ਼ ਕੀਤਾ ਗਿਆ। ਮੁੱਖ ਮੰਤਰੀ ਵਲੋਂ ਜਲੰਧਰ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਮਸਲਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅਨੇਕਾਂ ਵਾਰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਵਿਸ਼ੇਸ਼ ਸਕੱਤਰ ਨਵਰਾਜ ਸਿੰਘ ਬਰਾੜ ਨੂੰ ਵੀ ਮਿਲ ਚੁੱਕੇ ਹਨ ਪਰ ਮਸਲਾ ਹੱਲ ਨਾ ਹੋਇਆ।

LEAVE A REPLY

Please enter your comment!
Please enter your name here