ਲਖਨਊ/ਨਵੀਂ ਦਿੱਲੀ, 25 ਫਰਵਰੀ
ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਰਿਤੇਸ਼ ਪਾਂਡੇ ਨੇ ਅੱਜ ਬਹੁਜਨ ਸਮਾਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਦਿੱਲੀ ਵਿੱਚ ਭਾਜਪਾ ਦਾ ਪੱਲਾ ਫੜ ਲਿਆ ਹੈ। ਬਸਪਾ ਸੁਪਰੀਮੋ ਮਾਇਆਵਤੀ ਨੂੰ ਲਿਖੇ ਅਸਤੀਫੇ ਵਿੱਚ ਪਾਂਡੇ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਨਾ ਤਾਂ ਮੀਟਿੰਗਾਂ ਵਿੱਚ ਸੱਦਿਆ ਜਾ ਰਿਹਾ ਸੀ ਅਤੇ ਨਾ ਹੀ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਨਾਲ ਗੱਲ ਕਰ ਰਹੀ ਸੀ। ਇਸ ਸਭ ਤੋਂ ਉਹ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਪਾਰਟੀ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ। ਉਨ੍ਹਾਂ ਆਪਣੇ ਅਸਤੀਫੇ ਦੀ ਕਾਪੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਹੈ।