ਨਵੀਂ ਦਿੱਲੀ, 29 ਫਰਵਰੀ

ਕਾਂਗਰਸ ਨੇ ਅੱਜ ਭਾਜਪਾ ’ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ‘ਜੁਮਲਿਆਂ’ ਦਾ ਨਹੀਂ, ਬਲਕਿ ਲੋਕਾਂ ਨੂੰ ਜਵਾਬ ਦੇਣ ਦਾ ਸਮਾਂ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਗਾਰੰਟੀ’ ਫਰਜ਼ੀ ਨਿਕਲੀ ਅਤੇ ਇਸ ਸਰਕਾਰ ’ਚ ਕਿਸਾਨਾਂ ਦੀ ਹਾਲਤ ਬਦਤਰ ਹੋ ਗਈ।

ਖੜਗੇ ਨੇ ਐਕਸ ’ਤੇ ਕਿਹਾ, ‘‘16 ਸਾਲ ਪਹਿਲਾਂ ਕਾਂਗਰਸ-ਯੂਪੀਏ ਸਰਕਾਰ ਨੇ 3.73 ਕਰੋੜ ਕਿਸਾਨਾਂ ਦਾ 72,000 ਕਰੋੜ ਰੁਪਏ ਦਾ ਖੇਤੀ ਕਰਜ਼ਾ ਅਤੇ ਵਿਆਜ ਮੁਆਫ਼ ਕੀਤਾ ਸੀ। ਇਹ ਕਾਂਗਰਸ ਦੀ ਗਾਰੰਟੀ ਸੀ ਜੋ ਪੂਰੀ ਹੋਈ।’’ ਉਨ੍ਹਾਂ ਦਾਅਵਾ ਕੀਤਾ, ‘‘ਮੋਦੀ ਜੀ ਨੇ ਕਿਸਾਨਾਂ ਨਾਲ ਦੋ ਵੱਡੇ ਵਾਅਦੇ ਕੀਤੇ। ਪਹਿਲਾ ਲਾਗਤ ਵਿੱਚ 50 ਫ਼ੀਸਦੀ ਐੱਮਐੱਸਪੀ ਅਤੇ ਦੂਜਾ ਵਾਅਦਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੀ। ਇਹ ‘ਮੋਦੀ ਦੀ ਗਾਰੰਟੀ’ ਫਰਜ਼ੀ ਨਿਕਲੀ ਅਤੇ ਕਿਸਾਨਾਂ ਦੀ ਹਾਲਤ ਬਦਤਰ ਹੋ ਗਈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਹੁਣ ਕਾਂਗਰਸ ਨੇ ਕਿਸਾਨਾਂ ਨਾਲ ਮੁੜ ਵਾਅਦਾ ਕੀਤਾ ਹੈ ਕਿ ਅਸੀਂ 15 ਕਰੋੜ ਕਿਸਾਨ ਪਰਿਵਾਰਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਸਿਰਫ਼ ਕਾਂਗਰਸ ਹੀ ਆਪਣੀ ਗਾਰੰਟੀ ਪੂਰੀ ਕਰਦੀ ਹੈ। ਜੈ ਕਿਸਾਨ, ਜੈ ਹਿੰਦੁਸਤਾਨ।’’

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, ‘‘15 ਸਾਲ ਪਹਿਲਾਂ ਯੂਪੀਏ ਨੇ 60,000 ਕਰੋੜ ਰੁਪਏ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦਾ ਇਤਿਹਾਸਕ ਐਲਾਨ ਕੀਤਾ ਸੀ। ਅਸੀਂ ਹਮੇਸ਼ਾ ਕਿਸਾਨਾਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਮੁਸ਼ਕਲ ਸਮੇਂ ਉਨ੍ਹਾਂ ਕੋਲ ਸੁਰੱਖਿਆ ਹੋਵੇ।’’ ਉਨ੍ਹਾਂ ਕਿਹਾ, ‘‘ਅੱਜ ਜਦੋਂ ਸਾਡੇ ਕਿਸਾਨਾਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਮੰਨਿਆ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਅਸਫ਼ਲ ਹੋ ਗਿਆ ਹੈ।’’ -ਪੀਟੀਆਈ

ਮੱਧ ਪ੍ਰਦੇਸ਼ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ: ਜੈਰਾਮ

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਵਾਅਦੇ ਦਾ ਜ਼ਿਕਰ ਕਰਦਿਆਂ ‘ਐਕਸ’ ਉੱਤੇ ਕਿਹਾ,‘‘2014 ਵਿੱਚ ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ ਕਿਸਾਨਾਂ ਲਈ ਉਤਪਾਦਨ ਲਾਗਤ ’ਤੇ ਘੱਟੋ-ਘੱਟ 50 ਫ਼ੀਸਦੀ ਲਾਭ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ 2700 ਰੁਪਏ ਪ੍ਰਤੀ ਕੁਇੰਟਲ ਕਣਕ ਅਤੇ 3100 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦਣ ਦਾ ਵਾਅਦਾ ਕੀਤਾ ਸੀ ਪਰ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੀ ਐੱਮਐੱਸਪੀ ਸਿਰਫ਼ 2275 ਰੁਪਏ ਹੀ ਤੈਅ ਕੀਤੀ ਗਈ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਸਰਕਾਰ ਆਪਣੇ ਵਾਅਦੇ ਅਨੁਸਾਰ ਕਣਕ ਦੀ ਖਰੀਦ ਲਈ ਕੋਈ ਕਦਮ ਨਹੀਂ ਚੁੱਕ ਰਹੀ। ਜੈਰਾਮ ਰਮੇਸ਼ ਨੇ ਸਵਾਲ ਕੀਤਾ, ‘‘ਤੁਹਾਡੀ ਡਬਲ ਇੰਜਣ ਸਰਕਾਰ ਸਾਡੇ ਕਿਸਾਨਾਂ ਨੂੰ ਨਿਆਂ ਦਿਵਾਉਣ ਵਿੱਚ ਕਿਉਂ ਅਸਫ਼ਲ ਰਹੀ ਹੈ?’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਜੀ, ਜੁਮਲੇ ਬਹੁਤ ਹੋ ਗਏ, ਹੁਣ ਲੋਕਾਂ ਨੂੰ ਜਵਾਬ ਦੇਣ ਦਾ ਸਮਾਂ ਹੈ।’’

LEAVE A REPLY

Please enter your comment!
Please enter your name here