ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 18 ਅਪਰੈਲ

16 ਫਰਵਰੀ ਦੀ ਦੇਸ਼ ਪੱਧਰੀ ਹੜਤਾਲ ਸਬੰਧੀ ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ ਅਤੇ ਭਰਾਤਰੀ ਮਜ਼ਦੂਰ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਹੋਈ। ਇਸ ਵਿੱਚ ਜ਼ਿਲ੍ਹੇ ਦੇ ਲਹਿਰਾਗਾਗਾ, ਚੀਮਾ ਅਤੇ ਸੰਗਰੂਰ -1 ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵੱਲੋਂ ਅਧਿਆਪਕ, ਮੁਲਾਜ਼ਮ ਅਤੇ ਲੋਕ ਲਹਿਰ ਦੇ ਵਿਰੋਧ ਵਿੱਚ ਜਾਂਦਿਆਂ 7 ਅਧਿਆਪਕ ਆਗੂਆਂ ਦੀ ਹੜਤਾਲ ਵਾਲੇ ਦਿਨ ਦੀ ਤਨਖਾਹ ਕਟੌਤੀ ਕਰਨ ਵਿਰੁੱਧ ਬਲਾਕ ਅਤੇ ਜ਼ਿਲ੍ਹਾ ਪੱਧਰੀ ਜਥੇਬੰਦਕ ਐਕਸ਼ਨਾਂ ਦੀ ਰੂਪ-ਰੇਖਾ ਉਲੀਕੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 22 ਅਪਰੈਲ ਨੂੰ ਬੀਪੀਈਓ ਚੀਮਾ ਅਤੇ 24 ਅਪਰੈਲ ਨੂੰ ਬੀਪੀਈਓ ਸੰਗਰੂਰ -1 ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ। 29 ਅਪਰੈਲ ਨੂੰ ਡੀ.ਈ.ਓ. (ਐ.ਸਿੱ.) ਸੰਗਰੂਰ ਨੂੰ ਸਾਰੀਆਂ ਜਥੇਬੰਦੀਆਂ ਦਾ ਮਾਸ ਡੈਪੂਟੇਸ਼ਨ ਮਿਲ ਕੇ ਚਿਤਾਵਨੀ ਪੱਤਰ ਦੇਵੇਗਾ ਅਤੇ ਤੈਅ ਸਮੇਂ ਵਿੱਚ ਮਸਲਾ ਹੱਲ ਨਾ ਕਰਨ ਦੀ ਸੂਰਤ ਵਿੱਚ ਡੀ.ਈ.ਓ. ਦਫ਼ਤਰ ਵਿੱਚ ਵਿਸ਼ਾਲ ਲਾਮਬੰਦੀ ਨਾਲ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤਾ ਜਾਵੇਗਾ। ਡੀ.ਈ.ਓ. ਤੋਂ ਅਗਵਾਈ ਮੰਗਣ ਅਤੇ ਅਗਵਾਈ ਉਡੀਕੇ ਬਿਨਾਂ ਤਨਖਾਹ ਕੱਟਣ, 01.01.2020 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਮਨਮਰਜ਼ੀ ਨਾਲ ਲਾਗੂ ਕਰਨ ਵਾਲੇ ਅਫਸਰਾਂ ਨੂੰ ਡੀ.ਈ.ਓ. ਵੱਲੋਂ ਹੁਕਮ ਅਦੂਲੀ ਲਈ ਨੋਟਿਸ ਕੱਢੇ ਜਾਣ ਦੀ ਮੰਗ ਵੀ ਡੈਪੂਟੇਸ਼ਨ ਵੱਲੋਂ ਕੀਤੀ ਜਾਵੇਗੀ। 1.01.2020 ਦੇ ਹੜਤਾਲ ਕਰਨ ਦਾ ਅਧਿਕਾਰ ਖੋਹਣ ਵਾਲੇ ਪੱਤਰ ਨੂੰ ਰੱਦ ਕਰਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਬਣੇ ਨਵੇਂ ਸਮੀਕਰਨਾਂ ਦੇ ਮੱਦੇਨਜ਼ਰ 18 ਅਪਰੈਲ ਨੂੰ ਬੀ.ਪੀ.ਈ.ਓ. ਲਹਿਰਾਗਾਗਾ ਵਿਰੁੱਧ ਪੱਕਾ ਮੋਰਚਾ ਲਾਉਣ ਦਾ ਫੈਸਲਾ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ। ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਕਿਰਤੀ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੀ ਪ੍ਰੋਗਰਾਮਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ।

LEAVE A REPLY

Please enter your comment!
Please enter your name here