ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 15 ਫਰਵਰੀ

ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਦਿੱਲੀ ਯੂਨੀਵਰਸਿਟੀ ਨੇ 37ਵੇਂ ਅੰਤਰ-ਯੂਨੀਵਰਸਿਟੀ ਉੱਤਰ-ਪੱਛਮੀ ਜ਼ੋਨ ਯੁਵਕ ਮੇਲੇ 2024 ਵਿਚ ਹਿੱਸਾ ਲਿਆ। ਯੁਵਕ ਮੇਲੇ ਦੀ ਮੇਜ਼ਬਾਨੀ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ (ਰੋਹਤਕ) ਵੱਲੋਂ ਕੀਤੀ ਗਈ। ਯੁਵਕ ਮੇਲੇ ਦੀ ਅਗਵਾਈ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਅਤੇ ਐੱਮਡੀਯੂ (ਰੋਹਤਕ) ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਕੀਤੀ। ਦਿੱਲੀ ਯੂਨੀਵਰਸਿਟੀ ਨੇ ਯੁਵਕ ਮੇਲੇ ਦੀਆਂ 17 ਸ਼੍ਰੇਣੀਆਂ ਵਿਚ ਭਾਗ ਲਿਆ ਅਤੇ 6 ਸ਼੍ਰੇਣੀਆਂ ਦੇ ਤਹਿਤ ਇਨਾਮ ਜਿੱਤੇ। ਦਿੱਲੀ ਯੂਨੀਵਰਸਿਟੀ, ਕਲਚਰ ਕੌਂਸਲ ਦੇ ਡੀਨ ਪ੍ਰੋਫੈਸਰ ਰਵੀ ਰਵਿੰਦਰ ਨੇ ਦੱਸਿਆ ਕਿ ਪੱਛਮੀ ਵੋਕਲ ਸੋਲੋ ਦੀ ਸ਼੍ਰੇਣੀ ਵਿਚ ਰੋਸ਼ੇਲ ਜੌਨ ਨੇ ਪਹਿਲਾ, ਕਲਾਸੀਕਲ ਇੰਸਟਰੂਮੈਂਟਲ ਸੋਲੋ ਵਰਗ ਵਿਚ ਜਰਗਮ ਅਕਰਮ ਖਾਨ ਨੇ ਦੂਜਾ, ਵੈਸਟਰਨ ਇੰਸਟਰੂਮੈਂਟਲ ਸੋਲੋ ਵਰਗ ਵਿਚ ਜੈਦਿੱਤਿਆ ਝਾਅ ਨੇ ਤੀਜਾ, ਕਲਾਸੀਕਲ ਡਾਂਸ ਵਰਗ ਵਿਚ ਆਦਿੱਤਿਆ ਆਰ. ਨੇ ਤੀਜਾ, ਰੰਗੋਲੀ ਵਰਗ ਵਿਚ ਖੁਸ਼ਬੂ ਕੁਮਾਰੀ ਸਿੰਘ ਨੇ ਚੌਥਾ ਅਤੇ ਆਨ-ਦੀ-ਸਪਾਟ ਪੇਂਟਿੰਗ ਦੇ ਵਰਗ ਵਿਚ ਪੁਸ਼ਪਮ ਕੁਮਾਰ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉੱਤੇ ਡਾ. ਹੇਮੰਤ ਵਰਮਾ (ਸੰਯੁਕਤ ਡੀਨ, ਕਲਚਰ ਕੌਂਸਲ), ਡਾ. ਰਿਗਜਿਨ ਕਾਂਗ ਅਤੇ ਡਾ. ਸੁਕੰਨਿਆ ਟਿਕਾਦਾਰ (ਟੀਮ ਇੰਚਾਰਜ), ਡਾ. ਸੁਨੀਲ ਅਤੇ ਗੁਰਜੀਤ ਸਿੰਘ (ਸਹਾਇਕ ਸਟਾਫ਼) ਵਰਗੇ ਪਤਵੰਤੇ ਵੀ ਇਨਾਮ ਵੰਡ ਸਮਾਰੋਹ ਵਿਚ ਹਾਜ਼ਰ ਸਨ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਅਤੇ ਅਨੂਪ ਲਾਠਰ (ਚੇਅਰਪਰਸਨ ਆਫ਼ ਸਟੀਅਰਿੰਗ ਕਮੇਟੀ, ਕਲਚਰ ਕੌਂਸਲ) ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਹੁਣ ਦਿੱਲੀ ਯੂਨੀਵਰਸਿਟੀ ਮਾਰਚ-ਅਪਰੈਲ 2024 ਦੇ ਮਹੀਨੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਣ ਵਾਲੇ ਰਾਸ਼ਟਰੀ ਯੁਵਕ ਮੇਲੇ ਵਿਚ ਭਾਗ ਲਵੇਗੀ।

LEAVE A REPLY

Please enter your comment!
Please enter your name here