ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਅਪਰੈਲ

ਆਮ ਆਦਮੀ ਪਾਰਟੀ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ 7 ਅਪਰੈਲ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਮੂਹਿਕ ਭੁੱਖ ਹੜਤਾਲ ਕੀਤੀ ਜਾਵੇਗੀ ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਪਾਰਟੀ ਨੇ ਲੰਘੇ ਕੱਲ੍ਹ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਵਿਰੋਧ ਦਰਜ ਕਰਾਉਣ ਲਈ ਦੇਸ਼ ਭਰ ਵਿਚ ਸਮੂਹਿਕ ਭੁੱਖ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਪੰਜਾਬ ਯੂਨਿਟ ਵੱਲੋਂ ਖਟਕੜ ਕਲਾਂ ਵਿਖੇ ਸਮੂਹਿਕ ਭੁੱਖ ਹੜਤਾਲ ਦਾ ਪ੍ਰੋਗਰਾਮ ਕੀਤਾ ਜਾਣਾ ਹੈ ਜਿਸ ਵਿਚ ਪਾਰਟੀ ਦੇ ਵਿਧਾਇਕ ਅਤੇ ਪ੍ਰਮੁੱਖ ਅਹੁਦੇਦਾਰ ਸ਼ਾਮਲ ਹੋਣਗੇ।

ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ’ਤੇ ਵੀ ਭੁੱਖ ਹੜਤਾਲ ਪ੍ਰੋਗਰਾਮ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਥਾਪੜਾ ਦੇਣ ਲਈ ‘ਆਪ’ ਵਾਲੰਟੀਅਰਾਂ/ਅਹੁਦੇਦਾਰਾਂ ਨਾਲ ਸੰਪਰਕ ਮੁਹਿੰਮ ਵਿੱਢ ਰਹੇ ਹਨ। ਅਪਰੈਲ ਮਹੀਨੇ ’ਚ ਪਾਰਟੀ ਦੇ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਤਾਲਮੇਲ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ ਕੀਤਾ ਜਾਣਾ ਹੈ ਅਤੇ 6 ਅਪਰੈਲ ਨੂੰ ਮੋਗਾ ਅਤੇ ਜਲੰਧਰ ਵਿਚ ਵਾਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ। ‘ਆਪ’ ਨੇ ਮਹਿਸੂਸ ਕੀਤਾ ਹੈ ਕਿ ਵਾਲੰਟੀਅਰਾਂ ਨਾਲ ਨੇੜਤਾ ਬਣਾਈ ਜਾਵੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇ। ਪਾਰਟੀ ਦੇ ਸੀਨੀਅਰ ਆਗੂ ਸੰਦੀਪ ਪਾਠਕ ਪਹਿਲਾਂ ਹੀ ਜ਼ਿਲ੍ਹਿਆਂ ਵਿਚ ਮੀਟਿੰਗਾਂ ਕਰ ਰਹੇ ਹਨ।

ਵੇਰਵਿਆਂ ਅਨੁਸਾਰ ਮੋਗਾ ਵਿਖੇ ਮਾਲਵਾ ਖਿੱਤੇ ਦੇ ਬਲਾਕ ਤੇ ਪਿੰਡ ਪੱਧਰ ’ਤੇ ‘ਆਪ’ ਅਹੁਦੇਦਾਰਾਂ ਦਾ ਇਕੱਠ ਸੱਦਿਆ ਗਿਆ ਹੈ ਜਦੋਂ ਕਿ ਜਲੰਧਰ ਵਿਖੇ ਦੁਆਬੇ ਅਤੇ ਮਾਝੇ ਦੇ ਅਹੁਦੇਦਾਰਾਂ ਨੂੰ ਸੱਦਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ 6 ਅਪਰੈਲ ਨੂੰ ਇਨ੍ਹਾਂ ਦੋਵੇਂ ਪ੍ਰੋਗਰਾਮਾਂ ਵਿਚ ਵਾਲੰਟੀਅਰਾਂ ਨੂੰ ਮਿਲਣਗੇ। ਵਿਸਾਖੀ ਮਗਰੋਂ ਪਿੰਡ ਪੱਧਰ ਦੇ ਵਾਲੰਟੀਅਰਾਂ ਨਾਲ ਸੰਪਰਕ ਪ੍ਰੋਗਰਾਮ ਸ਼ੁਰੂ ਹੋਵੇਗਾ। ਬੇਸ਼ੱਕ ‘ਆਪ’ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ ਪ੍ਰੰਤੂ ਮੁੱਖ ਮੰਤਰੀ ਵਾਲੰਟੀਅਰਾਂ ਨਾਲ ਸਿੱਧੀ ਗੱਲਬਾਤ ਕਰਨਗੇ। ਪਾਰਟੀ ਨੇ ਇਨ੍ਹਾਂ ਪ੍ਰੋਗਰਾਮਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ 8 ਅਪਰੈਲ ਨੂੰ ਕੁਰੁੂਕਸ਼ੇਤਰ ਜਾ ਰਹੇ ਹਨ ਜਿਥੇ ਉਹ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਵਿਚ ਪ੍ਰਚਾਰ ਕਰਨਗੇ। 12 ਅਤੇ 13 ਅਪਰੈਲ ਨੂੰ ਦਿੱਲੀ ਵਿਖੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨੀ ਹੈ ਅਤੇ ਮੁੱਖ ਮੰਤਰੀ 16-17 ਅਪਰੈਲ ਨੂੰ ਗੁਜਰਾਤ ਜਾਣਗੇ ਜਿਥੇ ਪਾਰਟੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। ਮੁੱਖ ਮੰਤਰੀ ਨੇ ਲੋਕ ਸਭਾ ਹਲਕਾ ਵਾਈਜ਼ ਪਹਿਲਾਂ ਹੀ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਹੋਈਆਂ ਹਨ ਜਿਸ ਤਹਿਤ ਅੱਜ ਫਤਹਿਗੜ੍ਹ ਸਾਹਿਬ ਹਲਕੇ ਦੀ ਮੀਟਿੰਗ ਹੋਈ ਹੈ।

ਲੋਕ ਸਭਾ ਹਲਕਾ ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਦੀ ਪਹਿਲਾਂ ਹੀ ਮੀਟਿੰਗ ਹੋ ਚੁੱਕੀ ਹੈ ਅਤੇ ਭਲਕੇ ਸ਼ੁੱਕਰਵਾਰ ਨੂੰ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿਧਾਇਕਾਂ ਤੇ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਗਈ ਹੈ।

LEAVE A REPLY

Please enter your comment!
Please enter your name here