ਜਗਮੋਹਨ ਸਿੰਘ

ਘਨੌਲੀ, 27 ਮਾਰਚ

ਲਗਭਗ 45 ਸਾਲ ਪਹਿਲਾਂ ਪਿੰਡ ਮਨਸਾਲੀ ਦੇ ਵਿਅਕਤੀ ਨੰਬਰਦਾਰ ਕਿਸ਼ਨ ਸਿੰਘ ਵੱਲੋਂ ਆਪਣੇ ਸਾਈਕਲ ’ਤੇ ਰੋਟੀਆਂ ਦਾ ਟੋਕਰਾ ਅਤੇ ਸੁੱਕੀ ਸਬਜ਼ੀ ਲਿਆ ਕੇ ਸ਼ੁਰੂ ਕੀਤਾ ਗਿਆ ਲੰਗਰ ਮੌਜੂਦਾ ਸਮੇਂ ਸੈਂਕੜੇ ਟੋਕਰਿਆਂ ਤੱਕ ਪੁੱਜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬਿਲਕੁਲ ਗੋਦ ਵਿੱਚ ਵਸੇ ਪਿੰਡ ਮਨਸਾਲੀ ਦੇ ਨੰਬਰਦਾਰ ਕਿਸ਼ਨ ਸਿੰਘ ਨੇ ਪਹਿਲੀ ਵਾਰੀ ਆਪਣੇ ਸਾਈਕਲ ’ਤੇ ਪ੍ਰਸ਼ਾਦਿਆਂ ਦਾ ਟੋਕਰਾ ਤੇ ਸੁੱਕੀ ਸਬਜ਼ੀ ਲਿਆ ਕੇ ਲੰਗਰ ਵਰਤਾਉਣਾ ਸ਼ੁਰੂ ਕੀਤਾ। ਉਹ ਆਪਣੇ ਘਰੋਂ ਰੋਟੀਆਂ ਤੇ ਸਬਜ਼ੀ ਤਿਆਰ ਕਰਵਾ ਲਿਆਉਂਦੇ ਅਤੇ ਰੇਲਵੇ ਸਟੇਸ਼ਨ ’ਤੇ ਗੱਡੀ ਉਡੀਕ ਰਹੇ ਮੁਸਾਫਿਰਾਂ ਦੀ ਮਦਦ ਨਾਲ ਰੋਟੀਆਂ ਤੇ ਸਬਜ਼ੀ ਲਿਫਾਫਿਆਂ ਵਿੱਚ ਪੈਕ ਕਰਕੇ ਰੇਲ ਗੱਡੀ ਰਾਹੀਂ ਹੋਲਾ ਮਹੱਲਾ ਵੇਖਣ ਜਾ ਰਹੇ ਮੁਸਾਫਿਰਾਂ ਨੂੰ ਵਰਤਾ ਦਿੰਦੇ। ਪ੍ਰਸ਼ਾਦੇ ਖ਼ਤਮ ਹੋਣ ਉਪਰੰਤ ਉਹ ਆਪਣੇ ਘਰੋਂ ਹੋਰ ਪ੍ਰਸ਼ਾਦੇ ਤੇ ਸਬਜ਼ੀ ਲੈ ਆਉਂਦੇ। ਉਨ੍ਹਾਂ ਦੀ ਸੇਵਾ ਭਾਵਨਾ ਭਾਵਨਾ ਨੂੰ ਦੇਖਦਿਆਂ ਹੌਲੀ ਹੌਲੀ ਉਨ੍ਹਾਂ ਦੇ ਪਿੰਡ ਨੇੜਲੇ ਪਿੰਡਾਂ ਡੰਗੋਲੀ, ਚੱਕ ਕਰਮਾ, ਦੁੱਗਰੀ ਤੇ ਮਕੌੜੀ ਦੇ ਲੋਕਾਂ ਨੇ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਖਾਦੀ ਬੋਰਡ ਦੇ ਸਰਕਾਰੀ ਆਰੇ ’ਤੇ ਕੰਮ ਕਰਦੇ ਕਰਮਚਾਰੀਆਂ ਦੀ ਮਦਦ ਨਾਲ ਆਰੇ ਦੀ ਚਾਰਦੀਵਾਰੀ ਅੰਦਰ ਲੰਗਰ ਲਗਾਉਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨਾਲ ਸੈਣੀਮਾਜਰਾ ਢੱਕੀ, ਇੰਦਰਪੁਰਾ, ਸਾਹੋਮਾਜਰਾ, ਘਨੌਲਾ, ਸੈਣੀਮਾਜਰਾ ਜੱਟ ਪੱਤੀ ਪਿੰਡਾਂ ਦੇ ਲੋਕਾਂ ਨੇ ਵੀ ਸੇਵਾ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਕੁੱਝ ਸਾਲ ਪਹਿਲਾਂ ਬਜ਼ੁਰਗ ਕਿਸ਼ਨ ਸਿੰਘ ਦਾ ਦੇਹਾਂਤ ਹੋ ਗਿਆ ਪਰ ਉਨ੍ਹਾਂ ਵੱਲੋਂ ਇੱਕ ਟੋਕਰੇ ਪ੍ਰਸ਼ਾਦਿਆਂ ਨਾਲ ਸ਼ੁਰੂ ਕੀਤਾ ਗਿਆ ਲੰਗਰ ਹੁਣ ਸੈਂਕੜੇ ਟੋਕ‌ਰਿਆਂ ਤੱਕ ਜਾ ਪੁੱਜਿਆ ਹੈ।

LEAVE A REPLY

Please enter your comment!
Please enter your name here