ਜਗਤਾਰ ਸਮਾਲਸਰ

ਏਲਨਾਬਾਦ, 1 ਮਾਰਚ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲੀਸ ਨੇ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਵਾਸੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਬੀਤੀ ਰਾਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਮੈਸੇਜ਼ ਲਿਖਕੇ ਗਰੁੱਪ ਵਿੱਚ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਉਪਰ ਸਰਕਾਰ ਦੇ ਹੁਕਮ ’ਤੇ ਹੀ ਗੋਲੀਆਂ ਚਲਾਈਆਂ ਗਈਆਂ, ਜੇ ਸਰਕਾਰ ਇਸ ਨੂੰ ਨਹੀਂ ਮੰਨਦੀ ਤਾਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਆਪਣਾ ਲਾਈ ਡਿਟੇਕਟ ਟੈਸਟ ਕਰਵਾਉਣਾ ਚਾਹਿਦਾ ਹੈ। ਦੋਵਾਂ ਨੇ ਜੇ ਇਹ ਟੈਸਟ ਨਾ ਕਰਵਾਇਆ ਤਾਂ ਉਨ੍ਹਾਂ ਦੀ ਹੱਤਿਆ ਕਰਨ ਲਈ ਮਜਬੂਰ ਹੋਵਾਂਗਾ। ਐਡਵੋਕੇਟ ਨੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਤੇ ਗੋਲੀ ਚਲਾਉਣਾ ਡਰਪੋਕਪੁਣਾ ਹੈ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਇਹ ਹਮਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੁਲੀਸ ਨੇ ਐਡਵੋਕੇਟ ਜਰਨੈਲ ਸਿੰਘ ਬਰਾੜ ਖ਼ਿਲਾਫ਼ ਧਾਰਾ 506 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਅੱਜ ਏਲਨਾਬਾਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।

LEAVE A REPLY

Please enter your comment!
Please enter your name here