ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 23 ਮਾਰਚ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਵਿੱਚ ਅੱਜ ਮੁੱਦਾ ਮੰਦਰ-ਮਸਜਿਦ ਜਾਂ ਹਿੰਦੂ ਮੁਸਲਿਮ ਦਾ ਨਹੀਂ ਹੈ ਸਗੋਂ ਮੁੱਦਾ ਬੇਰੁਜ਼ਗਾਰੀ, ਨਸ਼ਿਆਂ, ਲੋਕਾਂ ਦੀ ਆਰਥਿਕ ਮੰਦਹਾਲੀ, ਕਿਸਾਨ ਖੁਦਕੁਸ਼ੀਆਂ ਦਾ ਹੈ। ਦੇਸ਼ ਵਿੱਚ ਇਹ ਮੁੱਦੇ ਗਾਇਬ ਹਨ ਅਤੇ ਲੋਕ ਪ੍ਰੇਸ਼ਾਨ ਹਨ ਕਿਉਂਕਿ ਸੱਤਾ ਤੇ ਕਾਬਜ਼ ਲੋਕ ਇਨ੍ਹਾਂ ਮੁੱਦਿਆਂ ਉਪਰ ਗੱਲ ਨਹੀਂ ਕਰਦੇ। ਸ੍ਰੀ ਰਾਜੇਵਾਲ ਨੇੜਲੇ ਪਿੰਡ ਬਡਰੁੱਖਾਂ ਵਿੱਚ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਕਰਵਾਈ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ,‘ਅੱਜ ਭਾਜਪਾ ਹਕੂਮਤ ਉੱਪਰ ਸਵਾਲ ਖੜ੍ਹੇ ਕਰਨਾ ਬਣਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ, ਸੜਕਾਂ ਉਪਰ ਕਿੱਲ੍ਹ ਗੱਡੇ ਗਏ, ਬੈਰੀਕੇਡ ਲਗਾਏ, ਲਾਠੀਚਾਰਜ ਕਰਕੇ ਜਬਰ ਕੀਤਾ ਗਿਆ ਪਰੰਤੂ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਹੇ ਹੋ।’ ਰਾਜੇਵਾਲ ਨੇ ਕਿਹਾ ਕਿ ਜੇਕਰ ਮੋਦੀ ਦੁਬਾਰਾ ਸੱਤਾ ਵਿੱਚ ਆ ਗਿਆ ਤਾਂ ਖੇਤੀ ਸੈਕਟਰ, ਵਪਾਰ, ਕਾਰੋਬਾਰ ਸਭ ਕੁੱਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਜਿਸ ਨਾਲ ਬੇਰੁਜ਼ਗਾਰੀ ਵਧੇਗੀ। ਉਨ੍ਹਾਂ ਲੋਕਤੰਤਰ ਬਚਾਉਣ ਲਈ ਅਤੇ ਕਿਸਾਨੀ ਮੰਗਾਂ ਮੰਨਵਾਉਣ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਸ੍ਰੀ ਰਾਜੇਵਾਲ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਦੇ ਮੁੱਦਿਆਂ ਤੋਂ ਪਾਸਾ ਵੱਟ ਕੇ ਸ਼ਹੀਦ ਭਗਤ ਸਿੰਘ ਦਾ ਨਾਮ ਲੈਣ ਵਾਲੇ ਅੱਜ ਮਹਾਨ ਸ਼ਹੀਦੀ ਦਿਹਾੜੇ ’ਤੇ ਆਪਣੇ ਲੀਡਰ ਪਿੱਛੇ ਤੁਰੇ ਫ਼ਿਰਦੇ ਹਨ। ਜ਼ਹਿਰੀਲੀ ਸ਼ਰਾਬ ਦੇ ਮੁੱਦੇ ’ਤੇ ਚੁੱਪ ਹਨ ਜਦੋਂ ਕਿ ਇਹਨ੍ਹਾਂ ਨੂੰ ਮ੍ਰਿਤਕ ਪੀੜਤ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ। ਕਾਨਫਰੰਸ ਨੂੰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੂਬਾ ਸਕੱਤਰ ਮਲਕੀਤ ਸਿੰਘ, ਜ਼ਿਲ੍ਹਾ ਆਗੂ ਕਸ਼ਮੀਰ ਸਿੰਘ, ਅਜੈਬ ਸਿੰਘ ਸੰਘਰੇੜੀ, ਰੋਹੀ ਸਿੰਘ ਮੰਗਵਾਲ, ਜਗਦੇਵ ਸਿੰਘ, ਬਲਜਿੰਦਰ ਸਿੰਘ, ਦਰਬਾਰਾ ਸਿੰਘ ਨਾਗਰਾ, ਹਰਜੀਤ ਸਿੰਘ ਮੰਗਵਾਲ, ਪ੍ਰੀਤਮ ਸਿੰਘ ਬਡਰੁੱਖਾਂ, ਜਸਵਿੰਦਰ ਸਿੰਘ ਚੰਗਾਲ, ਜਸਪਾਲ ਸਿੰਘ ਘਰਾਚੋਂ, ਭਰਭੂਰ ਸਿੰਘ ਬਡਰੁੱਖਾਂ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here