ਰਾਜਨ ਮਾਨ

ਰਾਮਦਾਸ, 6 ਮਈ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਅੱਜ ਕਿਸਾਨਾਂ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਘਿਰਾਓ ਕਰਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਭਾਜਪਾ ਉਮੀਦਵਾਰ ਵਲੋਂ ਅੱਜ ਸਰਹੱਦੀ ਖੇਤਰ ਗੱਗੋਮਾਹਲ,ਤੋਬਾ ਅਤੇ ਕੱਲੋਮਾਹਲ ਵਿਚ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨਾਂ ਨੇ ਕਾਫਲਾ ਘੇਰ ਲਿਆ ਅਤੇ ਨਾਅਰੇਬਾਜ਼ੀ ਕੀਤੀ। ਪੁਲੀਸ ਵਲੋਂ ਕੋਸ਼ਿਸ਼ ਕਰਕੇ ਭਾਜਪਾ ਉਮੀਦਵਾਰ ਅਤੇ ਉਨ੍ਹਾਂ ਨਾਲ ਹਲਕਾ ਅਜਨਾਲਾ ਦੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਘਿਰਾਓ ਵਿਚੋਂ ਗੱਡੀਆਂ ਭਜਾਕੇ ਸੁਰੱਖਿਅਤ ਕੱਢਿਆ ਗਿਆ। ਕਿਸਾਨਾਂ ਦਾ ਗੁੱਸਾ ਵੇਖ ਪੁਲੀਸ ਨੂੰ ਭਾਜੜਾਂ ਪੈ ਗਈਆਂ ਅਤੇ ਭਾਜਪਾ ਆਗੂਆਂ ਨੇ ਗੱਡੀਆਂ ਵਿੱਚ ਸ਼ੀਸ਼ੇ ਬੰਦ ਕਰਕੇ ਅੰਦਰੋਂ ਹੱਥ ਜੋੜ ਕੇ ਆਪਣੀ ਜਾਨ ਛੁਡਾਈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਵਿੰਦਰ ਸਿੰਘ ਮਾਹਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਈ ਸਿਆਸੀ ਲੀਡਰ, ਜੋ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਕਿਸਾਨ ਮਾਰੂ ਪਾਰਟੀ ਦੇ ਲੀਡਰਾਂ ਦੇ ਝੋਲੀ ਚੁੱਕ ਬਣੇ ਹੋਏ ਹਨ।

LEAVE A REPLY

Please enter your comment!
Please enter your name here