ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 25 ਅਪਰੈਲ

ਕੈਨੇਡਾ ਦੇ ਸ਼ਹਿਰ ਸਰੀ ਨਾਲ ਲੱਗਦੇ ਵਾਈਟ ਰੌਕ ਦੇ ਸਮੁੰਦਰੀ ਕੰਢੇ ਦਾ ਨਜ਼ਾਰਾ ਮਾਨਣ ਗਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ (28) ਦੀ ਅਫਰੀਕਨ ਮੂਲ ਦੇ ਵਿਅਕਤੀ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਅਤੇ ਪਲੰਬਰ ਵਜੋਂ ਕੰਮ ਕੰਮ ਕਰਦਾ ਸੀ। ਕੁਲਵਿੰਦਰ ਸਿੰਘ ਪੰਜਾਬ ਦੇ ਕਸਬੇ ਅਮਰਗੜ੍ਹ ਨੇੜਲੇ ਪਿੰਡ ਤੋਲੇਵਾਲ ਦਾ ਰਹਿਣ ਵਾਲਾ ਸੀ।

ਪੰਜਾਬੀ ਨੌਜਵਾਨ ਦੀ ਇਸ ਹੱਤਿਆ ਨੂੰ ਪੁਲੀਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਉਸੇ ਜਗ੍ਹਾ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਘੁੰਮਣ ਗਏ ਜਤਿੰਦਰ ਸਿੰਘ (28) ਦੀ ਧੌਣ ’ਤੇ ਮੁਲਜ਼ਮ ਦੇ ਹੁਲੀਏ ਵਾਲੇ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਜਤਿੰਦਰ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜ਼ੇਰੇ ਇਲਾਜ ਹੈ। ਲੋਕਾਂ ਵਿੱਚ ਰੋਸ ਹੈ ਕਿ ਜੇਕਰ ਪੁਲੀਸ ਨੇ ਘਟਨਾ ਮਗਰੋਂ ਉਸ ਥਾਂ ’ਤੇ ਸੁਰੱਖਿਆ ਵਧਾਈ ਹੁੰਦੀ ਤਾਂ ਇਹ ਦੂਜੀ ਘਟਨਾ ਨਾ ਵਾਪਰਦੀ। ਲੋਕਾਂ ਦਾ ਮੰਨਣਾ ਹੈ ਕਿ ਸਰੀ ਵਿਚ ਤਾਇਨਾਤ ਕੇਂਦਰੀ ਪੁਲੀਸ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਹਾਲਾਂਕਿ ਸੂਬਾਈ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕੇਂਦਰੀ ਪੁਲੀਸ ਦੇ ਸੂਬਾਈ ਸਹਾਇਕ ਕਮਿਸ਼ਨਰ ਡਵੇਨ ਮੈਕਡੌਨਲਡ ਤੇ ਸਰੀ ਪੁਲੀਸ ਦੇ ਮੁਖੀ ਨੌਰਮ ਲਪਿੰਸਕੀ ਦੀ ਮੌਜੂਦਗੀ ਵਿੱਚ ਸਰਕਾਰੀ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ 29 ਨਵੰਬਰ ਨੂੰ ਸ਼ਹਿਰ ਦੀ ਕਮਾਂਡ ਸਰੀ ਪੁਲੀਸ ਦੇ ਹੱਥ ਆਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਪੁਲੀਸ ਬਲ ਦੀ ਰਵਾਨਗੀ ਤੋਂ ਪਹਿਲਾਂ ਭਰਤੀ ਕੀਤੀ ਸਥਾਨਕ ਪੁਲੀਸ ਹਾਲਾਤ ਨਾਲ ਸਿੱਝਣ ਦੀ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹੋ ਜਾਵੇਗੀ। ਇਸ ਐਲਾਨ ਨੇ ਸਰੀ ਦੀ ਮੇਅਰ ਬਰਿੰਡਾ ਲੌਕ ਦੀ ਅੜੀ ਭੰਨੀ ਹੈ, ਜੋ ਦੋ ਸਾਲਾਂ ਤੋਂ ਕੇਂਦਰੀ ਪੁਲੀਸ ਹੀ ਰੱਖਣ ਲਈ ਬਜਿੱਦ ਸੀ।

 

LEAVE A REPLY

Please enter your comment!
Please enter your name here