ਪੱਤਰ ਪ੍ਰੇਰਕ

ਮਾਨਸਾ, 11 ਮਾਰਚ

ਵਿਦਿਆਰਥੀਆਂ ਦੇ ਸਾਲਾਨਾ ਪੇਪਰਾਂ ਦੌਰਾਨ ਸਕੂਲਾਂ ਦੇ ਅਧਿਆਪਕਾਂ ਦੀਆਂ ਵੋਟਾਂ ਬਣਾਉਣ ਲਈ ਲਾਈਆਂ ਗਈਆਂ ਡਿਊਟੀਆਂ ਲਈ ਇਤਰਾਜ਼ ਉਠਾਉਂਦਿਆਂ ਦੋ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫ਼ਦ ਮਾਨਸਾ ਦੇ ਉਪ ਮੰਡਲ ਮੈਜਿਸਟਰੇਟ ਮਨਜੀਤ ਸਿੰਘ ਰਾਜਲਾ ਨੂੰ ਮਿਲਿਆ। ਵਫ਼ਦ ਨੇ ਸਾਲਾਨਾ ਪੇਪਰਾਂ ਦੌਰਾਨ ਗੈਰ-ਵਿਦਿਅਕ ਕੰਮਾਂ ਲਈ ਡਿਊਟੀਆਂ ਨਾ ਲਾਉਣ ਦੀ ਮੰਗ ਕੀਤੀ।

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਜਨਤਕ ਐਲਾਨ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਦੀ ਗੈਰ-ਵਿਦਿਅਕ ਡਿਊਟੀ ਨਹੀਂ ਲਗਾਈ ਜਾਵੇਗੀ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਇਹ ਸ਼ਰੇਆਮ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਕੱਟੀਆਂ ਨਹੀਂ ਜਾਂਦੀਆਂ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲਖਵੀਰ ਸਿੰਘ ਖਿਆਲਾ, ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਮਨਮੋਹਨ ਸਿੰਘ, ਰਾਜੀਵ ਕੁਮਾਰ, ਪੁਸ਼ਪਿੰਦਰ ਸਿੰਘ, ਰਾਜਦੀਪ ਸਿੰਘ, ਬਲਵਿੰਦਰ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here