ਨਵੀਂ ਦਿੱਲੀ, 21 ਅਪਰੈਲ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਚੇਅਰਮੈਨ ਜਗਦੀਸ਼ ਕੁਮਾਰ ਮੁਤਾਬਕ ਚਾਰ ਸਾਲਾ ਅੰਡਰਗ੍ਰੈਜੂਏਟ ਡਿਗਰੀਆਂ ਵਾਲੇ ਵਿਦਿਆਰਥੀ ਹੁਣ ਸਿੱਧੇ ਨੈੱਟ ਦੀ ਪ੍ਰੀਖਿਆ ਦੇ ਸਕਦੇ ਹਨ ਅਤੇ ਪੀਐੱਚਡੀ ਕਰ ਸਕਦੇ ਹਨ। ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਨਾਲ ਜਾਂ ਉਸ ਤੋਂ ਬਿਨਾਂ ਪੀਐੱਚਡੀ ਕਰਨ ਲਈ ਵਿਦਿਆਰਥੀਆਂ ਨੂੰ ਚਾਰ ਸਾਲਾ ਅੰਡਰਗ੍ਰੈਜੂਏਟ ਕੋਰਸ ’ਚ ਘੱਟੋ-ਘੱਟ 75 ਫ਼ੀਸਦ ਨੰਬਰ ਜਾਂ ਉਸ ਦੇ ਬਰਾਬਰ ਗਰੇਡ ਲੈਣੇ ਪੈਣਗੇ। ਹੁਣ ਤੱਕ ਨੈਸ਼ਨਲ ਐਲਿਜੀਬਿਲਿਟੀ ਟੈਸਟ (ਨੈੱਟ) ਲਈ ਉਮੀਦਵਾਰ ਨੂੰ ਮਾਸਟਰਜ਼ ਡਿਗਰੀ ’ਚ 55 ਫ਼ੀਸਦ ਨੰਬਰ ਲੈਣੇ ਪੈਂਦੇ ਸਨ। ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ, ‘‘ਚਾਰ ਸਾਲਾ ਅੰਡਰਗ੍ਰੈਜੂਏਟ ਡਿਗਰੀਆਂ ਵਾਲੇ ਵਿਦਿਆਰਥੀ ਹੁਣ ਸਿੱਧੇ ਪੀਐੱਚਡੀ ਕਰ ਸਕਦੇ ਹਨ ਅਤੇ ਨੈੱਟ ਲਈ ਅਪੀਅਰ ਹੋ ਸਕਦੇ ਹਨ। ਅਜਿਹੇ ਉਮੀਦਵਾਰ ਚਾਰ ਸਾਲਾ ਡਿਗਰੀ ਪ੍ਰੋਗਰਾਮ ’ਚ ਲਏ ਗਏ ਵਿਸ਼ਿਆਂ ਤੋਂ ਇਲਾਵਾ ਕਿਸੇ ਵੀ ਵਿਸ਼ੇ ’ਚ ਪੀਐੱਚਡੀ ਕਰ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਚਾਰ ਸਾਲਾ ਜਾਂ ਅੱਠ ਸਮੈਸਟਰ ਦਾ ਬੈਚੁਲਰ ਡਿਗਰੀ ਪ੍ਰੋਗਰਾਮ ਪਾਸ ਕਰਨ ਵਾਲੇ ਵਿਦਿਆਰਥੀਆਂ ਕੋਲ ਕੁੱਲ ਮਿਲਾ ਕੇ ਘੱਟੋ-ਘੱਟ 75 ਫ਼ੀਸਦ ਅੰਕ ਹੋਣੇ ਚਾਹੀਦੇ ਹਨ ਜਾਂ ਜਿੱਥੇ ਗ੍ਰੇਡਿੰਗ ਪ੍ਰਣਾਲੀ ਹੈ, ਉਸ ’ਚ ਬਰਾਬਰ ਦੇ ਗਰੇਡ ਲੈਣੇ ਪੈਣਗੇ। ਯੂਜੀਸੀ ਚੇਅਰਮੈਨ ਨੇ ਕਿਹਾ ਕਿ ਐੱਸਸੀ, ਐੱਸਟੀ, ਓਬੀਸੀ, ਦਿਵਿਆਂਗ, ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹੋਰ ਵਰਗਾਂ ਦੇ ਉਮੀਦਵਾਰਾਂ ਨੂੰ ਪੰਜ ਫ਼ੀਸਦ ਨੰਬਰਾਂ ਜਾਂ ਉਸ ਦੇ ਬਰਾਬਰ ਗਰੇਡਾਂ ’ਚ ਛੋਟ ਦਿੱਤੀ ਜਾ ਸਕਦੀ ਹੈ। -ਪੀਟੀਆਈ

LEAVE A REPLY

Please enter your comment!
Please enter your name here