ਭੁਪਾਲ, 27 ਅਪਰੈਲ

ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਅਤੇ ਆਰਟੀਆਈ ਕਾਰਕੁਨ ਅੰਜਲੀ ਭਾਰਦਵਾਜ ਨੇ ਕਿਹਾ ਕਿ ਇਕ ਵੱਡਾ ਘੁਟਾਲਾ ਸਾਬਿਤ ਹੋਈ ਚੋਣ ਬਾਂਡ ਯੋਜਨਾ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਭੂਸ਼ਨ ਨੇ ਦੱਸਿਆ ਕਿ ਚੋਣ ਬਾਂਡ ਯੋਜਨਾ ਦੇ ਮਾਮਲੇ ਦੀ ਸਿਟ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਅਗਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਦਾਇਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਵਿੱਚ ਸੁਣਾਏ ਗਏ ਇਕ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਚੋਣ ਬਾਂਡ ਯੋਜਨਾ ਨੂੰ ਅਸੰਵਿਧਾਨਕ ਕਰਾਰ ਦਿੰਦੇ ਹੋਏ ਇਸ ਨੂੰ ਖ਼ਤਮ ਕਰ ਦਿੱਤਾ ਸੀ। ਪ੍ਰਸ਼ਾਂਤ ਭੂਸ਼ਨ ਨੇ ਕਿਹਾ, ‘‘ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਗਰਦਾਨੇ ਜਾ ਰਹੇ ਇਸ ਮਾਮਲੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਵਾਬਦੇਹੀ ਤੈਅ ਹੋਵੇ।’’ ਇਹ ਪਟੀਸ਼ਨ ਗੈਰ-ਸਰਕਾਰੀ ਸੰਸਥਾਵਾਂ ‘ਕਾਮਨ ਕਾਜ਼’ ਅਤੇ ਸੈਂਟਰ ਫਾਰ ਪਬਲਿਕ ਇੰਟਰੱਸਟ ਲਿਟੀਗੇਸ਼ਨ (ਸੀਪੀਆਈਐੱਲ) ਵੱਲੋਂ ਦਾਇਰ ਕੀਤੀ ਗਈ ਸੀ। ਚੋਣ ਬਾਂਡ ਮਾਮਲੇ ਵਿੱਚ ਪ੍ਰਸ਼ਾਂਤ ਭੂਸ਼ਨ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਸਨ। ਅੰਜਲੀ ਭਾਰਦਵਾਜ ‘ਕਾਮਨ ਕਾਜ਼’ ਐੱਨਜੀਓ ਦੀ ਇਕ ਮੈਂਬਰ ਹੈ। ਉਨ੍ਹਾਂ ਕਿਹਾ, ‘‘ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਜਾਣ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਸੁਪਰੀਮ ਕੋਰਟ ਦੇ ਇਕ ਸੇਵਾਮੁਕਤ ਜੱਜ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਮੈਂਬਰਾਂ ਵਿੱਚ ਸੀਬੀਆਈ ਦਾ ਇਕ ਸੇਵਾਮੁਕਤ ਅਧਿਕਾਰੀ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਕੰਪਨੀਆਂ ਜਿਨ੍ਹਾਂ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ, ਆਮਦਨ ਕਰ ਵਿਭਾਗ ਅਤੇ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਸੀ, ਨੇ ਵੀ ਕਾਰਵਾਈ ਤੋਂ ਬਚਣ ਲਈ ਚੋਣ ਬਾਂਡ ਖ਼ਰੀਦੇ।’’

ਸੀਨੀਅਰ ਵਕੀਲ ਨੇ ਕਿਹਾ, ‘‘ਦਵਾਈਆਂ ਬਣਾਉਣ ਵਾਲੀਆਂ ਕੁਝ ਕੰਪਨੀਆਂ ਜਿਨ੍ਹਾਂ ਦੀਆਂ ਦਵਾਈਆਂ ਗੈਰ ਮਿਆਰੀ ਸਨ ਜਾਂ ਜਿਨ੍ਹਾਂ ਨਾਲ ਜ਼ਿੰਦਗੀਆਂ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ, ਨੂੰ ਡਰੱਗ ਕੰਟਰੋਲਰ ਵੱਲੋਂ ਚੋਣ ਬਾਂਡਾਂ ਰਾਹੀਂ ਰਿਸ਼ਵਤ ਲੈ ਕੇ ਮਾਰਕੀਟ ਵਿੱਚ ਵਿਕਣ ਦੀ ਇਜਾਜ਼ਤ ਦੇ ਦਿੱਤੀ ਗਈ।’’ ਅਜਿਹੇ ਲੈਣ-ਦੇਣ ਵਿੱਚ ਸ਼ਾਮਲ ਲੋਕਾਂ ਦੇ ਨਾਮ ਜੱਗ-ਜ਼ਾਹਿਰ ਹੋਣੇ ਚਾਹੀਦੇ ਹਨ। -ਪੀਟੀਆਈ

LEAVE A REPLY

Please enter your comment!
Please enter your name here