ਆਤਿਸ਼ ਗੁਪਤਾ

ਚੰਡੀਗੜ੍ਹ, 13 ਮਾਰਚ

ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਵੱਲੋਂ ਪਿਛਲੇ ਦਿਨੀ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਸਬੰਧੀ ਪਾਸ ਕੀਤੇ ਮਤੇ ’ਤੇ ਯੂਟੀ ਪ੍ਰਸ਼ਾਸਕ ਵੱਲੋਂ ਨਕਾਰਾਤਮਕ ਰਵੱਈਏ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਖ਼ਫਾ ਦਿਖਾਈ ਦੇ ਰਹੇ ਹਨ। ਅੱਜ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਮੇਅਰ ਕੁਲਦੀਪ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਟੀ ਪ੍ਰਸ਼ਾਸਕ ਦੇ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਤੇ ਮੁਫ਼ਤ ਪਾਰਕਿੰਗ ਦੀ ਸਹੂਲਤ ਬਾਰੇ ਟਿੱਪਣੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਨੇ ਫਾਈਲਾਂ ਬਾਰੇ ਟਿੱਪਣੀ ਦੇਣ ਤੋਂ ਪਹਿਲਾਂ ਉਨ੍ਹਾਂ ’ਤੇ ਵਿਚਾਰ ਵੀ ਨਹੀਂ ਕੀਤਾ।

ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਦੋ ਦਿਨ ਪਹਿਲਾਂ ਨਗਰ ਨਿਗਮ ਦੇ ਜਨਰਲ ਹਾਊਸ ਵੱਲੋਂ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦਾ ਮਤਾ ਪਾਸ ਕੀਤਾ ਗਿਆ ਸੀ। ਪਰ ਪ੍ਰਸ਼ਾਸਕ ਨੇ ਇਨ੍ਹਾਂ ਫਾਈਲਾਂ ਨੂੰ ਦੇਖੇ ਬਿਨਾਂ ਤੇ ਬਿਨਾਂ ਕਿਸੇ ਚਰਚਾ ਤੋਂ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੱਖੀ ਫੈਸਲਿਆਂ ’ਤੇ ਪ੍ਰਵਾਨਗੀ ਨਾ ਦੇਣ ਤੋਂ ਭਾਜਪਾ ਦਾ ਲੋਕ ਵਿਰੋਧੀ ਰਵੱਈਆ ਸਭ ਦੇ ਸਾਹਮਣੇ ਆਉਂਦਾ ਹੈ।

‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਰਾਜਪਾਲ ਨੇ ਇਸ ਮਾਮਲੇ ਬਾਰੇ ਸੋਚਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਭਾਜਪਾ ਦੇ ਨਾਮਜ਼ਦ ਰਾਜਪਾਲ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਸਤਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਆਪਣੇ ਸਰਮਾਏਦਾਰ ਦੋਸਤਾਂ ਦੇ ਮੁਨਾਫ਼ੇ ਲਈ ਕੰਮ ਕਰ ਰਹੀ ਹੈ। ਉਹ ਆਮ ਲੋਕਾਂ ’ਤੇ ਪੇਡ ਪਾਰਕਿੰਗ ਦੀ ਸਹੂਲਤ ਦਾ ਬੋਝ ਪਾ ਕੇ ਇਨ੍ਹਾਂ ਦੋਸਤਾਂ ਨੂੰ ਭਾਰੀ ਵਿੱਤੀ ਲਾਭ ਦੇਣਾ ਚਾਹੁੰਦੇ ਹੈ। ਪੇਡ ਪਾਰਕਿੰਗਾਂ ਤੋਂ ਇਕੱਠਾ ਹੋਇਆ ਪੈਸਾ ਕੁਝ ਚੋਣਵੇਂ ਲੋਕਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਮਾਲੀਏ ਦੀ ਕੋਈ ਚਿੰਤਾ ਨਹੀਂ ਹੈ, ਉਹ ਸਿਰਫ਼ ਆਪਣੇ ਦੋਸਤਾਂ ਦੇ ਹਿੱਤ ਵਿੱਚ ਫੈਸਲੇ ਲੈਣ ਲੱਗੇ ਰਹਿੰਦੇ ਹਨ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ, ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਅਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here