ਨਿਜੀ ਪੱਤਰ ਪ੍ਰੇਰਕ

ਸੰਗਰੂਰ, 24 ਮਾਰਚ

ਸੰਗਰੂਰ ਪੁਲੀਸ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਲੋਕਾਂ ਦੀ ਜਾਨ ਲੈਣ ਵਾਲੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਲੋਂ ਸ਼ਰਾਬ ਦੇ 4 ਡੱਬੇ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੇ ਸਨ। ਇਸ ਮਾਮਲੇ ’ਚ ਦੋ ਮਾਸਟਰ ਮਾਈਂਡ ਸਮੇਤ ਹੁਣ ਤੱਕ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ 10 ਹੋ ਚੁੱਕੀ ਹੈ। ਪਿੰਡ ਗੁੱਜਰਾਂ, ਢੰਡੋਲੀ ਅਤੇ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ 20 ਲੋਕਾਂ ਦੀ ਮੌਤ ਦਾ ਕਾਰਨ ਬਣੀ ਕੁੱਲ 17 ਡੱਬੇ ਸ਼ਰਾਬ ਦੀ ਸਨਾਖ਼ਤ ਸੰਗਰੂਰ ਪੁਲੀਸ ਵਲੋਂ ਮੁਕੰਮਲ ਕਰ ਲਈ ਹੈ ਕਿ 17 ਡੱਬੇ ’ਚੋ ਸ਼ਰਾਬ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਕਿੱਥੇ ਵੇਚੀ ਗਈ। ਇਹ ਜਾਣਕਾਰੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਹਰਚਰਨ ਸਿੰਘ ਭੁੱਲਰ ਡੀ.ਆਈ.ਜੀ. ਪਟਿਆਲਾ ਰੇਂਜ਼ ਵਲੋਂ ਦਿੱਤੀ ਗਈ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਸ੍ਰੀ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋ ਮਾਸਟਰ ਮਾਈਂਡ ਗੁਰਲਾਲ ਸਿੰਘ ਪਿੰਡ ਉਭਾਵਾਲ ਅਤੇ ਹਰਮਨਪ੍ਰੀਤ ਸਿੰਘ ਪਿੰਡ ਤੇਈਪੁਰ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵੇਂ ਸੰਗਰੂਰ ਜੇਲ੍ਹ ’ਚ ਇੱਕ-ਦੂਜੇ ਦੇ ਸੰਪਰਕ ’ਚ ਆਏ ਅਤੇ ਜੇਲ੍ਹ ’ਚ ਹੀ ਇਹਨ੍ਹਾਂ ਨੇ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਨਕਲੀ ਸ਼ਰਾਬ ਦਾ ਗੈਰਕਾਨੂੰਨੀ ਧੰਦਾ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਸੀ।

LEAVE A REPLY

Please enter your comment!
Please enter your name here