ਸਰਬਜੀਤ ਸਿੰਘ ਭੰਗੂ

ਪਟਿਆਲਾ, 25 ਅਪਰੈਲ

ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੱਜ ਕਿਸਾਨ ਪ੍ਰੇਸ਼ਾਨ ਹੈ ਅਤੇ ਪੰਜਾਬ ਦਾ ਹਰ ਬੱਚਾ ਉਸ ਦੀ ਸਮੱਸਿਆ ਨਾਲ ਸਹਿਮਤ ਹੈ। ਪਰ ਹੁਣ ਧਿਆਨ ਵਿਰੋਧ ’ਤੇ ਨਹੀਂ, ਸਗੋਂ ਹੱਲ ’ਤੇ ਕੀਤਾ ਜਾਣਾ ਚਾਹੀਦਾ ਹੈ। ਅਸੀਂ ਵਿਰੋਧ ਦੀ ਬਜਾਏ ਹੱਲ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਸੰਕੇਤ ਦਿੱਤੇ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਨਾ ਪਏ ਹੁੰਦੇ, ਤਾਂ ਕਿਸਾਨੀ ਮਸਲਾ ਕਦੋਂ ਦਾ ਹੱਲ ਹੋ ਜਾਣਾ ਸੀ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਵਕੀਲ ਨਾ ਬਣਾਇਆ ਹੁੰਦਾ, ਤਾਂ ਕਿਸਾਨਾਂ ਦਾ ਧਰਨਾ ਹੁਣ ਤੱਕ ਕਦੋਂ ਦਾ ਖਤਮ ਹੋ ਜਾਣਾ ਸੀ। ਭਾਵ ਇਹ ਮਸਲਾ ਹੱਲ ਕਰ ਲਿਆ ਜਾਣਾ ਸੀ। ਕਿਸਾਨੀ ਮਸਲੇ ਨੂੰ ਜਲਦੀ ਹੀ ਕਿਸੇ ਤਣ ਪੱਤਣ ਲਾਉਣ ਦੇ ਸੰਕੇਤ ਦਿੰਦਿਆਂ, ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਉਹ ਜਲਦੀ ਹੀ ਇੱਕ ਅਹਿਮ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਸਾਹਮਣੇ ਆਪਣੇ ਸੁਝਾਅ ਪੇਸ਼ ਕਰਨਗੇ। ਉਹ ਅੱਜ ਇਥੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ’ਚ ਹੋਈ ਲੋਕ ਸਭਾ ਦੀ ਹਲਕਾ ਪੱਧਰੀ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਜਪਾ ਦੇ ਕੌਮੀ ਆਗੂ ਹਰਜੀਤ ਗਰੇਵਾਲ, ਪੰਜਾਬ ਮਹਿਲਾ ਮੋਰਚਾ ਦੇ ਸੂਬਾਈ ਪ੍ਰਧਾਨ ਜੈਇੰਦਰ ਕੌਰ, ਮੀਤ ਪ੍ਰਧਾਨ ਅਨਿਲ ਸਰੀਨ, ਮੰਤਰੀ ਸ੍ਰੀਨਿਵਾਸਲੂ, ਭਾਜਪਾ ਦੇ ਤਿਨੋਂ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ, ਹਰਮੇਸ਼ ਗੋਇਲ ਅਤੇ ਸੰਜੀਵ ਬਿੱਟੂ, ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਤੇ ਸੁਰਿੰਦਰ ਖੇੜਕੀ ਸਮੇਤ ਸਾਰੇ ਨੌ ਵਿਧਾਨ ਸਭਾ ਹਲਕਿਆਂ ਤੋਂ ਹਲਕਾ ਪ੍ਰਧਾਨਾਂ, ਮੰਡਲ ਪ੍ਰਧਾਨਾਂ, ਸ਼ਕਤੀ ਕੇਂਦਰ ਪ੍ਰਧਾਨਾਂ, ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਪੰਜਾਬ ਦੇ ਦੌਰੇ ’ਤੇ ਹਨ ਅਤੇ ਭਾਜਪਾ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਹੈ ਤੇ ਪ੍ਰਨੀਤ ਕੌਰ ਵੀ ਇਸੇ ਉਤਸ਼ਾਹ ਦੇ ਆਧਾਰ ’ਤੇ ਹੀ ਜਿੱਤਣਗੇ।

 

LEAVE A REPLY

Please enter your comment!
Please enter your name here