ਕਰਮਜੀਤ ਸਿੰਘ ਚਿੱਲਾ

ਬਨੂੜ, 4 ਮਈ

ਬਨੂੜ ਨਹਿਰ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਪਾਣੀ ਨਾ ਛੱਡਣ ਕਾਰਨ ਇਲਾਕੇ ਦੇ ਕਿਸਾਨ ਪ੍ਰੇਸ਼ਾਨ ਹਨ। ਇਸ ਖੇਤਰ ਦੇ ਪਿੰਡਾਂ ਵਿੱਚ ਵੱਡੀ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ ਤੇ ਪਾਣੀ ਦੀ ਘਾਟ ਕਾਰਨ ਸਬਜ਼ੀਆਂ ਸੁੱਕਣ ਲੱਗੀਆਂ ਹਨ। ਪਿੰਡ ਬੂਟਾਸਿੰਘ ਵਾਲਾ ਦੇ ਕਿਸਾਨਾਂ ਨੇ ਅੱਜ ਨਹਿਰ ਵਿੱਚ ਪਾਣੀ ਛੱਡਣ ਦੀ ਮੰਗ ਲਈ ਸਿੰਜਾਈ ਵਿਭਾਗ ਦੇ ਬਨੂੜ ਸਥਿਤ ਜ਼ਿਲ੍ਹੇਦਾਰ ਨੂੰ ਮੰਗ ਪੱਤਰ ਸੌਂਪਿਆ।

ਇਸ ਮੌਕੇ ਪਿੰਡ ਬੂਟਾ ਸਿੰਘ ਵਾਲਾ ਦੇ ਸਰਪੰਚ ਭੁਪਿੰਦਰ ਸਿੰਘ, ਐਡਵੋਕੇਟ ਗਗਨਦੀਪ ਸਿੰਘ ਕੰਬੋਜ, ਪੰਚ ਅਮਨਦੀਪ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਸੱਤਾ ਪੰਚ, ਨੰਬਰਦਾਰ ਸੰਤ ਸਿੰਘ, ਗੁਰਮੇਲ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਇਲਾਕੇ ਦੇ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਬਨੂੜ ਨਹਿਰ ਵਿੱਚ ਪਾਣੀ ਨਹੀਂ ਆ ਰਿਹਾ। ਇਸ ਕਾਰਨ ਕਿਸਾਨਾਂ ਦੀਆਂ ਮਿਰਚਾਂ, ਖਰਬੂਜ਼ਾ, ਖੀਰਾ, ਤਰਬੂਜ਼, ਮੱਕੀ, ਸੂਰਜਮੁਖੀ ਅਤੇ ਪਸ਼ੂਆਂ ਦਾ ਚਾਰਾ ਸੁੱਕਣ ਕਿਨਾਰੇ ਹਨ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਖੇਤ ਤੱਕ ਪਾਣੀ ਪਹੁੰਚਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਪਿਛਲੇ ਦੋ ਮਹੀਨਿਆਂ ਤੋਂ ਇਸ ਨਹਿਰ ਵਿੱਚ ਪਾਣੀ ਨਾ ਆਉਣ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ ਹਨ।

ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕੁਝ ਕਿਸਾਨਾਂ ਨੇ ਨਹਿਰ ਦੇ ਕਿਨਾਰੇ ਜ਼ਮੀਨ ਨੂੰ ਪਾਣੀ ਦੇਣ ਲਈ ਇੰਜਣ ਰੱਖੇ ਹੋਏ ਸਨ। ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਇਨ੍ਹਾਂ ਇੰਜਣਾਂ ਨੂੰ ਚੁਕਾ ਦਿੱਤਾ ਹੈ। ਉਨ੍ਹਾਂ ਪਿੰਡ ਬੂਟਾਸਿੰਘ ਵਾਲਾ ਦੇ ਕਿਸਾਨਾਂ ਨੇ ਨਹਿਰ ਵਿੱਚ ਪਾਣੀ ਛੱਡਣ ਲਈ ਜ਼ਿਲ੍ਹੇਦਾਰ ਨੂੰ ਮੰਗ ਪੱਤਰ ਸੌਂਪਿਆ ਹੈ।

LEAVE A REPLY

Please enter your comment!
Please enter your name here