ਨਿਜੀ ਪੱਤਰ ਪ੍ਰੇਰਕ

ਸੰਗਰੂਰ, 4 ਮਾਰਚ

ਇਥੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇੱਕ ਮੋਬਾਇਲ ਟਾਵਰ ਉਪਰ ਚੜ੍ਹੀਆਂ ਪੰਜਾਬ ਪੁਲੀਸ ਭਰਤੀ-2016 ਦੀਆਂ ਦੋ ਉਮੀਦਵਾਰ ਲੜਕੀਆਂ ਨੇ ਬੀਤੀ ਰਾਤ ਮੋਬਾਈਲ ਟਾਵਰ ਉਪਰ ਹੀ ਗੁਜ਼ਾਰੀ। ਲੰਘੇ ਕੱਲ੍ਹ ਬਾਅਦ ਦੁਪਹਿਰ ਮੋਬਾਇਲ ਟਾਵਰ ’ਤੇ ਚੜ੍ਹੀਆਂ ਦੋਵੇਂ ਲੜਕੀਆਂ ਅਜੇ ਵੀ ਉਪਰ ਹੀ ਡਟੀਆਂ ਹੋਈਆਂ ਹਨ ਜਦੋਂ ਕਿ ਹੇਠਾਂ ਸਾਥੀ ਉਮੀਦਵਾਰ ਰੋਸ ਧਰਨਾ ਲਗਾ ਕੇ ਬੈਠੇ ਹਨ। ਧਰਨਾਕਾਰੀਆਂ ਦਾ ਦਾਅਵਾ ਹੈ ਕਿ ਠੰਢ ਅਤੇ ਤੇਜ਼ ਹਵਾਵਾਂ ਕਾਰਨ ਦੋਵੇਂ ਲੜਕੀਆਂ ਨੂੰ ਮੋਬਾਈਲ ਟਾਵਰ ਉਪਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ’ਚੋ ਇੱਕ ਲੜਕੀ ਦੀ ਠੰਢ ਲੱਗਣ ਕਾਰਨ ਸਿਹਤ ਵੀ ਵਿਗੜੀ ਹੈ। ਪ੍ਰਦਰਸ਼ਨਕਾਰੀ ਲੜਕੀਆਂ ਸੰਨ-2016 ਦੀ ਪੰਜਾਬ ਪੁਲੀਸ ਭਰਤੀ ਦੀ ਵੇਟਿੰਗ ਸੂਚੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੀਆਂ ਹਨ।

ਹੇਠਾਂ ਰੋਸ ਧਰਨੇ ਦੌਰਾਨ ਪੰਜਾਬ ਪੁਲੀਸ ਭਰਤੀ-2016 ਦੇ ਪ੍ਰਦਰਸ਼ਨਕਾਰੀ ਉਮੀਦਵਾਰਾਂ ਦੀ ਅਗਵਾਈ ਕਰ ਰਹੇ ਆਗੂਆਂ ਅਮਨਦੀਪ ਸਿੰਘ, ਜਗਸੀਰ ਸਿੰਘ, ਨਗਿੰਦਰ ਸਿੰਘ, ਧਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੰਘੇ ਕੱਲ੍ਹ ਦੁਪਹਿਰ ਤਿੰਨ ਵਜੇ ਤੋਂ ਦੋ ਮਹਿਲਾ ਉਮੀਦਵਾਰ ਲੜਕੀਆਂ ਹਰਦੀਪ ਕੌਰ ਅਤੇ ਅਮਨਦੀਪ ਕੌਰ ਮੋਬਾਇਲ ਟਾਵਰ ’ਤੇ ਚੜ੍ਹੀਆਂ ਹੋਈਆਂ ਹਨ ਜਿੰਨ੍ਹਾਂ ਨੇ ਠੰਡ ਦੇ ਬਾਵਜੂਦ ਰਾਤ ਵੀ ਮੋਬਾਇਲ ਟਾਵਰ ਉਪਰ ਹੀ ਗੁਜ਼ਾਰੀ ਹੈ।ਉਨ੍ਹਾਂ ਕਿਹਾ ਕਿ ਜੇਕਰ ਮੋਬਾਈਲ ਟਾਵਰ ’ਤੇ ਚੜ੍ਹੀਆਂ ਲੜਕੀਆਂ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

LEAVE A REPLY

Please enter your comment!
Please enter your name here