ਮੁਖਤਿਆਰ ਸਿੰਘ ਨੌਗਾਵਾਂ

ਦੇਵੀਗੜ੍ਹ, 24 ਮਾਰਚ

ਹਰਿਆਣਾ ਪੁਲੀਸ ਨੇ ਡੇਢ ਮਹੀਨੇ ਤੋਂ ਬੰਦ ਪਿਆ ਪਟਿਆਲਾ-ਦੇਵੀਗੜ੍ਹ-ਪਿਹੋਵਾ ਰਾਜ ਮਾਰਗ ਖੋਲ੍ਹ ਦਿੱਤਾ ਹੈ। ਚੇਤੇ ਰਹੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਦੇਖਦਿਆਂ ਹਰਿਆਣਾ ਪੁਲੀਸ ਨੇ ਪਟਿਆਲਾ ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਤੇ ਮਾਰਕੰਡਾ ਦਰਿਆ ਦੇ ਪੁਲ ’ਤੇ ਵੱਡੇ ਵੱਡੇ ਪੱਥਰ ਅਤੇ ਸੜਕ ਵਿੱਚ ਸਰੀਏ ਗੱਡ ਕੇ ਅਤੇ ਜੇ.ਸੀ.ਬੀ. ਮਸ਼ੀਨਾਂ ਤੇ ਟਿੱਪਰ ਲਗਾ ਕੇ ਇਹ ਰਾਜ ਮਾਰਗ ਲਗਭਗ ਡੇਢ ਮਹੀਨੇ ਤੋਂ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਮਾਰਕੰਡਾ ਦਰਿਆ ਦੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੇ ਵੀ ਟਰੈਕਟਰ ਟਰਾਲੀਆਂ ਨਾਲ ਇੱਥੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਸੀ, ਜਿਸ ਕਾਰਨ ਇਹ ਰਾਜ ਮਾਰਗ ਬਿਲਕੁੱਲ ਬੰਦ ਹੋ ਗਿਆ ਸੀ ਅਤੇ ਸਾਰੀ ਆਵਾਜਾਈ ਬੰਦ ਹੋ ਗਈ ਸੀ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰਾਨ ਹਰਿਆਣਾ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਕੁਝ ਮੋਹਤਬਰਾਂ ਧਰਨੇ ’ਤੇ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕੀਤੀ,‘ਜੇਕਰ ਤੁਸੀਂ ਆਪਣੇ ਟਰੈਕਟਰ ਟਰਾਲੀਆਂ ਇਸ ਬੈਰੀਅਰ ਤੋਂ ਪਿੱਛੇ ਹਟਾ ਲਵੋ ਤਾਂ ਅਸੀਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਕੇ ਇਹ ਬੈਰੀਕੇਡ ਹਟਵਾ ਦੇਵਾਂਗੇ ਅਤੇ ਸਾਰੀ ਆਵਾਜਾਈ ਚੱਲ ਪਵੇਗੀ। ਇਹ ਬੇਨਤੀ ਤੋਂ ਬਾਅਦ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਪਿੱਛੇ ਹਟਾ ਲਏ ਸਨ ਪਰ ਹਰਿਆਣਾ ਪੁਲੀਸ ਨੇ ਆਪਣੇ ਪੱਕੇ ਬੈਰੀਕੇਡ ਅਜੇ ਤੱਕ ਨਹੀਂ ਸਨ ਚੁੱਕੇ ਪਰ ਮੁੜ ਹਰਿਆਣਾ ਦੇ ਕਿਸਾਨਾਂ ਵੱਲੋਂ ਪੁਲੀਸ ਨੂੰ ਬੇਨਤੀ ਕਰਨ ’ਤੇ ਬੀਤੇ ਦਿਨ ਹਰਿਆਣਾ ਦੀ ਪੁਲੀਸ ਨੇ ਵੀ ਮਾਰਕੰਢਾ ਪੁਲ ਤੋਂ ਆਪਣੇ ਪੱਕੇ ਬੈਰੀਕੇਡ ਹਟਾ ਲਏ ਹਨ ਅਤੇ ਹੁਣ ਇਹ ਪਟਿਆਲਾ ਤੋਂ ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਅਤੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਅਤੇ ਹੋਰ ਆਵਾਜਾਈ ਮੁੜ ਚਾਲੂ ਹੋ ਗਈ ਹੈ।

LEAVE A REPLY

Please enter your comment!
Please enter your name here