ਗੁਰਦੀਪ ਲਾਲੀ/ਹਰਦੀਪ ਸੋਢੀ/ਪਵਨ ਵਰਮਾ/ਸਤਨਾਮ ਸਿੰਘ ਸੱਤੀ

ਸੰਗਰੂਰ/ਧੂਰੀ/ਮਸਤੂਆਣਾ ਸਾਹਿਬ, 7 ਮਾਰਚ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਨੇੜਲੇ ਪੁਲੀਸ ਟਰੇਨਿੰਗ ਸੈਂਟਰ ਲੱਡਾ ਕੋਠੀ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ 24 ਸੌ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੌਕਰੀਆਂ ਮਿਲਣ ਕਾਰਨ ਨੌਜਵਾਨਾਂ ਨੇ ਹੁਣ ਵਿਦੇਸ਼ ਜਾਣ ਦਾ ਵਿਚਾਰ ਤਿਆਗ ਦਿੱਤਾ ਹੈ ਅਤੇ ਉਲਟਾ ਵਿਦੇਸ਼ ਗਏ ਨੌਜਵਾਨਾਂ ਵਿੱਚ ‘ਵਤਨ ਵਾਪਸੀ’ ਦਾ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਲਗਪਗ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ 2487 ਨਿਯੁਕਤੀ ਪੱਤਰਾਂ ’ਚੋਂ 1750 ਨੌਜਵਾਨਾਂ ਨੂੰ ਗ੍ਰਹਿ ਵਿਭਾਗ, 205 ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ, 39 ਨੂੰ ਮਾਲ ਵਿਭਾਗ, 60 ਨੂੰ ਆਬਕਾਰੀ ਵਿਭਾਗ, 421 ਨੂੰ ਸਥਾਨਕ ਸਰਕਾਰਾਂ ਵਿਭਾਗ, ਚਾਰ ਨੂੰ ਸਹਿਕਾਰਤਾ ਵਿਭਾਗ ਵਿੱਚ ਅਤੇ ਅੱਠ ਨੂੰ ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰਤੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 16 ਮਾਰਚ 2022 ਨੂੰ ਆਪਣਾ ਕਾਰਜਭਾਰ ਸੰਭਾਲਿਆ ਸੀ ਅਤੇ ਉਦੋਂ ਤੋਂ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਰਾਹੀਂ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਨੌਕਰੀਆਂ ਸਿਰਫ਼ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾਂਦੀਆਂ ਹਨ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਆਪਣੇ ਅਹੁਦੇ ਦੀ ਵਰਤੋਂ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ। ਅੱਜ ਵੀ ਜ਼ਿਆਦਾਤਰ ਨੌਕਰੀਆਂ ਲੜਕੀਆਂ ਨੇ ਹੀ ਹਾਸਲ ਕੀਤੀਆਂ ਹਨ। ਸੂਬਾ ਸਰਕਾਰ ਮਹਿਲਾ ਸਸ਼ਕਤੀਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ ਦਸ ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਹੋਰ ਵੀ ਅਹਿਮ ਯਤਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਯਤਨਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆ ਰਹੇ ਹਨ।

LEAVE A REPLY

Please enter your comment!
Please enter your name here