ਕੇਪੀ ਸਿੰਘ

ਗੁਰਦਾਸਪੁਰ, 25 ਫਰਵਰੀ

ਪਿੰਡ ਬੱਬੇਹਾਲੀ ਦੇ ਇੱਕ ਸੈਲੂਨ ਵਿੱਚ ਕੰਮ ਕਰਦੇ ਨੌਜਵਾਨ ਸੁਨੀਲ ਮਸੀਹ (23) ਉਰਫ ਦੀਪੂ ਪੁੱਤਰ ਸਲਾਮਤ ਮਸੀਹ ਦੀ ਲਾਸ਼ ਨਹਿਰ ਦੇ ਪੁਲ ਨੇੜੇ ਸ਼ੱਕੀ ਹਾਲਤ ਵਿੱਚ ਪਈ ਮਿਲੀ। ਸੁਨੀਲ ਪਿੰਡ ਮੁਸਤਫਾਬਾਦ ਜੱਟਾਂ ਦਾ ਰਹਿਣ ਵਾਲਾ ਸੀ। ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਸੁਨੀਲ ਮਸੀਹ ਦੀ ਮਾਂ ਊਸ਼ਾ ਨੇ ਦੱਸਿਆ ਕਿ ਸੁਨੀਲ ਨੂੰ ਸ਼ਨਿੱਚਰਵਾਰ ਦੀ ਸ਼ਾਮ 5.30 ਵਜੇ ਕਿਸੇ ਦਾ ਫੋਨ ਆਇਆ ਸੀ ਅਤੇ ਉਹ ਕਿਤੇ ਚਲਾ ਗਿਆ ਸੀ। ਸ਼ਾਮ 7.30 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸੁਨੀਲ ਦੀ ਲਾਸ਼ ਨਹਿਰ ਦੇ ਪੁਲ ਕੋਲ ਪਈ ਹੈ। ਉਸ ਨੇ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਨੇ ਨਿੱਜੀ ਰੰਜਿਸ਼ ਦੇ ਚੱਲਦਿਆਂ ਸੁਨੀਲ ਦੀ ਹੱਤਿਆ ਕੀਤੀ ਹੈ। ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਪੁਲੀਸ ਤੋਂ ਮੰਗ ਕਰ ਰਹੇ ਸਨ ਕਿ ਇਸ ਸਬੰਧੀ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਔਜਲਾ ਬਾਈਪਾਸ ’ਤੇ ਸੁਨੀਲ ਦੀ ਲਾਸ਼ ਸੜਕ ਤੇ ਰੱਖ ਕੇ ਚਾਰੇ ਪਾਸੇ ਤੋਂ ਟਰੈਫਿਕ ਰੋਕ ਦਿੱਤਾ। ਡੀਐੱਸਪੀ ਰਾਜਬੀਰ ਸਿੰਘ ਨੇ ਕਾਫੀ ਦੇਰ ਤੱਕ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਕਿਹਾ ਪਰ ਪ੍ਰਦਰਸ਼ਨਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਦੋਸ਼ੀਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ। ਆਖਿਰ ਦੇਰ ਸ਼ਾਮ ਗੋਰਾ, ਅਜੇ ਅਤੇ ਜਤਿੰਦਰ ਨਾਮ ਦੇ ਤਿੰਨ ਨੌਜਵਾਨਾਂ ਖਿਲਾਫ ਪੁਲੀਸ ਸਟੇਸ਼ਨ ਤਿੱਬੜ ਵਿੱਚ ਹੱਤਿਆ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਗਿਆ ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ। ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here