ਖੇਤਰੀ ਪ੍ਰਤੀਨਿਧ

ਪਟਿਆਲਾ, 29 ਅਪਰੈਲ

ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਹੁਣ ਤੱਕ ਅੰਦਾਜ਼ਨ 95 ਫ਼ੀਸਦੀ ਕਣਕ ਮੰਡੀਆਂ ਵਿੱਚ ਪੁੱਜ ਚੁੱਕੀ ਹੈ।

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੁਣ ਮੰਡੀਆਂ ਵਿੱਚ ਕਣਕ ਦੀ ਆਮਦ ਅੰਦਰ ਕਮੀ ਆਉਣ ਲੱਗ ਗਈ ਹੈ ਤੇ ਬੀਤੇ ਦਿਨ 33 ਹਜ਼ਾਰ ਟਨ ਕਣਕ ਦੀ ਆਮਦ ਹੋਈ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ, ਸ਼ੁਰੂ ਵਿੱਚ ਮੌਸਮ ਦੀ ਖਰਾਬੀ ਕਾਰਨ ਲਿਫਟਿੰਗ ਘੱਟ ਹੋ ਰਹੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 40 ਹਜ਼ਾਰ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 8 ਲੱਖ 57 ਹਜ਼ਾਰ 918 ਟਨ ਕਣਕ ਦੀ ਆਮਦ ਹੋਈ ਹੈ ਤੇ 8 ਲੱਖ 50 ਹਜ਼ਾਰ 325 ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਪਹਿਲੀ ਤਰਜੀਹ ਕਿਸਾਨ ਨੂੰ ਰੱਖਿਆ ਜਾ ਰਿਹਾ ਹੈ ਤਾਂ ਕਿ ਮੰਡੀ ਆਏ ਕਿਸਾਨ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਤੁਰੰਤ ਉਸ ਦੀ ਜਿਣਸ ਦੀ ਖਰੀਦ ਕਰਕੇ ਕਿਸਾਨ ਨੂੰ ਵਿਹਲਾ ਕੀਤਾ ਜਾਵੇ ਅਤੇ 24 ਘੰਟੇ ਦੇ ਅੰਦਰ ਅੰਦਰ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 1778.68 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਰੁਲ ਰਹੀ ਹੈ ਕਣਕ

ਭਵਾਨੀਗੜ੍ਹ (ਪੱਤਰ ਪ੍ਰੇਰਕ): ਇਸ ਅਨਾਜ ਮੰਡੀ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿੱਚ ਖਰੀਦੀ ਗਈ ਕਣਕ ਦੀ ਚੁਕਾਈ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲਣ ਕਾਰਨ 6 ਲੱਖ ਕੁਇੰਟਲ ਕਣਕ ਮੰਡੀਆਂ ਵਿੱਚ ਰੁਲ ਰਹੀ ਹੈ। ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਰਿਕਾਰਡ ਅਨੁਸਾਰ ਅੱਜ ਤੱਕ ਤੱਕ ਬਲਾਕ ਦੀਆਂ ਅਨਾਜ ਮੰਡੀਆਂ ਵਿੱਚ 8 ਲੱਖ 91 ਹਜ਼ਾਰ 150 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਖਰੀਦੀ ਗਈ ਕਣਕ ਵਿੱਚੋਂ ਸਿਰਫ਼ 2 ਲੱਖ 90 ਹਜ਼ਾਰ 100 ਕੁਇੰਟਲ ਕਣਕ ਦੀ ਚੁਕਾਈ ਹੋਈ ਹੈ। ਇਸ ਕਾਰਨ ਖਰੀਦੀ ਗਈ ਕਣਕ ਵਿੱਚੋਂ 6 ਲੱਖ 1 ਹਜ਼ਾਰ 50 ਕੁਇੰਟਲ ਕਣਕ ਅਜੇ ਮੰਡੀਆਂ ਵਿੱਚ ਪਈ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ।

LEAVE A REPLY

Please enter your comment!
Please enter your name here