ਕੱਟੜਤਾ ਬਨਾਮ ਹਿੰਸਾ

12 ਫਰਵਰੀ ਦਾ ਸੰਪਾਦਕੀ ‘ਹਲਦਵਾਨੀ ਹਿੰਸਾ’ ਪੜ੍ਹਿਆ। ਇਹ ਕਾਰਵਾਈ ਅਦਾਲਤ ਦੀ ਆੜ ਲੈ ਕੇ ਬਹੁਗਿਣਤੀ ਦੇ ਧਾਰਮਿਕ ਲੋਕਾਂ ਨੂੰ ਆਪਣੇ ਹਿੱਤਾਂ ਵਿਚ ਕਰਨ ਖਾਤਰ ਕੀਤੀ ਗਈ ਹੈ। ਭਾਰਤ ਦੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿਚ ਲੋਕਾਂ ਨੇ ਧਾਰਮਿਕ ਸਥਾਨ ਬਣਾਏ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬਹੁਗਿਣਤੀ ਲੋਕਾਂ ਦੇ ਧਰਮ ਨਾਲ ਸਬੰਧਿਤ ਹਨ। ਅਜਿਹੇ ਸਥਾਨ ਮਿਲਟਰੀ ਅਦਾਰਿਆਂ ਅਤੇ ਰੇਲਵੇ ਲਾਈਨਾਂ ਦੇ ਵਿਚਕਾਰ ਵੀ ਮਿਲ ਜਾਣਗੇ। ਜਦ ਇਨ੍ਹਾਂ ਉੱਪਰ  ਕੋਈ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ  ਸਬੰਧਿਤ ਧਰਮ ਦੇ ਲੋਕ ਅਧਿਕਾਰੀਆਂ ਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕ ਦਿੰਦੇ ਹਨ। ਦੂਜੇ ਪਾਸੇ, ਕੱਟੜਤਾ ਕਾਰਨ ਕਿਸੇ ਦੂਜੇ ਦੇ ਧਾਰਮਿਕ ਸਥਾਨਾਂ ’ਤੇ ਕਾਰਵਾਈ ਕਰਨ ਵਾਸਤੇ ਇਹ ਲੋਕ ਖ਼ੁਦ ਤਿਆਰ ਹੋ ਜਾਂਦੇ ਹਨ। ਇਹ ਬਹੁਤ ਖ਼ਤਰਨਾਕ ਰੁਝਾਨ ਹੈ। ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ ਤੇ ਇਸ ਮੁਤਾਬਿਕ ਹੀ ਕਾਰਵਾਈ ਹੋਵੇ।

ਹਰਚੰਦ ਭਿੰਡਰ, ਧਰਮਕੋਟ (ਮੋਗਾ)


(2)

12 ਫਰਵਰੀ ਦੇ ਸੰਪਾਦਕੀ ‘ਹਲਦਵਾਨੀ ਹਿੰਸਾ’ ਵਿਚ ਹਿੰਸਾ ਦਾ ਜ਼ਿਕਰ ਬੜੀ ਸ਼ਿੱਦਤ ਨਾਲ ਕੀਤਾ ਗਿਆ ਹੈ। ਭਾਰਤ ਅੰਦਰ ਅਜਿਹੀਆਂ ਦੁਰਘਟਨਾਵਾਂ ਆਮ ਤੌਰ ’ਤੇ ਘੱਟਗਿਣਤੀਆਂ ਨਾਲ ਹੀ ਹੁੰਦੀਆਂ ਹਨ। ਸਮੁੱਚੇ ਦੇਸ਼ ਵਿਚ ਹੀ ਧਾਰਮਿਕ ਸਥਾਨ ਆਮ ਤੌਰ ’ਤੇ

ਸਰਕਾਰੀ ਜ਼ਮੀਨਾਂ ਵਿਚ ਹੀ ਬਣਾਏ ਜਾਂਦੇ ਹਨ। ਇਸ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ। ਜਿਸ ਨੇ ਵੀ ਆਪਣਾ ਪੂਜਾ ਸਥਾਨ ਬਣਾਉਣਾ ਹੈ, ਉਹ ਜ਼ਮੀਨ ਦੀ ਰਜਿਸਟਰੀ ਕਰ ਕੇ ਹੀ ਉਸਾਰੀ ਕਰੇ। ਅਜਿਹੀਆਂ ਘਟਨਾਵਾਂ ਲਈ ਜੇ ਖੁਫ਼ੀਆ ਏਜੰਸੀਆਂ ਨਾਕਾਮ ਰਹਿੰਦੀਆਂ ਹਨ ਤਾਂ ਇਸ ਦੇ ਅਧਿਕਾਰੀਆਂ ਨੂੰ ਬਰਾਬਰ ਦਾ ਦੋਸ਼ੀ ਮੰਨਿਆ ਜਾਵੇ।

ਸਾਗਰ ਸਿੰਘ ਸਾਗਰ, ਬਰਨਾਲਾ


ਭਾਰਤ ਦਾ ਅਰਥਚਾਰਾ

9 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਲੇਖ ਭਾਰਤੀ ਅਰਥਚਾਰੇ ਸਬੰਧੀ ਸਚਾਈ ਬਿਆਨ ਕਰਦਾ ਹੈ। ਇਸ ਲੇਖ ‘ਕੇਂਦਰ ਸਰਕਾਰ ਦੇ 10 ਸਾਲ ਅਤੇ ਅਰਥਚਾਰਾਂ’ ਵਿਚ ਡਾ. ਕੇਸਰ ਸਿੰਘ ਭੰਗੂ ਨੇ ਸਾਰੀਆਂ ਗੱਲਾਂ ਐਨ ਨਿਤਾਰ ਕੇ ਲਿਖੀਆਂ ਹਨ। 8 ਫਰਵਰੀ ਨੂੰ ਕੇਂਦਰ ਸਰਕਾਰ ਨੇ 2014 ਤੋਂ ਪਹਿਲਾਂ ਦੇ ਅਰਥਚਾਰੇ ਬਾਰੇ ਸੰਸਦ ਵਿਚ ਵ੍ਹਾਈਟ ਪੇਪਰ ਪੇਸ਼ ਕਰ ਕੇ ਦੱਸਣ ਦਾ ਯਤਨ ਕੀਤਾ ਹੈ ਕਿ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ’ਤੇ ਕਾਬੂ ਪਾ ਕੇ ਭਾਜਪਾ ਸਰਕਾਰ ਨੇ ਦੇਸ਼ ਨੂੰ ਵਿਕਾਸ ਦੇ ਰਸਤੇ ਤੋਰਿਆ ਹੈ। ਦੂਜੇ ਪਾਸੇ, ਕਾਂਗਰਸ ਨੇ ਵੀ ਅਜਿਹਾ ਪੇਪਰ ਜਾਰੀ ਕਰ ਕੇ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਕੀਤੀਆਂ ਅਤੇ ਕਿਹਾ ਹੈ ਕਿ ਮੌਜੂਦਾ ਸਰਕਾਰ ਵੇਲੇ ਬੇਰੁਜ਼ਗਾਰੀ, ਮਹਿੰਗਾਈ ਅਤੇ ਗ਼ੈਰ-ਭਾਜਪਾ ਸੂਬਿਆਂ ਖਿਲਾਫ਼ ਅਨਿਆਂ ਵਧਿਆ ਹੈ। ਆਮ ਲੋਕ ਸੱਚ ਜਾਨਣਾ ਚਾਹੁੰਦੇ ਹਨ ਕਿ ਅਸਲੀਅਤ ਕੀ ਹੈ? ਡਾ. ਭੰਗੂ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਦੀ ਪ੍ਰਤੀ ਜੀਅ ਆਮਦਨ ਵਿਚ ਵਾਧਾ 98 ਪ੍ਰਤੀਸ਼ਤ ਨਾ ਹੋ ਕੇ ਕੇਵਲ 35 ਪ੍ਰਤੀਸ਼ਤ ਹੈ; ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਇਹ ਵਾਧਾ 42 ਪ੍ਰਤੀਸ਼ਤ ਦੇ ਨੇੜੇ ਸੀ। ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਨਾਲ ਅਵਾਮ ’ਤੇ ਮਾੜਾ ਅਸਰ ਪਿਆ। ਲੋਕਾਂ ਦਾ ਰੁਜ਼ਗਾਰ ਖੁੱਸਿਆ, ਗ਼ਰੀਬੀ ਵਿਚ ਵਾਧਾ ਹੋਇਆ। ਪ੍ਰਚੂਨ ਤੇ ਥੋਕ ਮਹਿੰਗਾਈ ਵਧੀ ਹੈ।

ਡਾ. ਸੰਤ ਸੁਰਿੰਦਰ ਪਾਲ ਸਿੰਘ, ਰੂਪਨਗਰ


ਵੱਧ ਆਬਾਦੀ ਦਾ ਫ਼ਾਇਦਾ !

8 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਮੰਜੀਵ ਸਿੰਘ ਪੁਰੀ ਦਾ ਲੇਖ ‘ਸਭ ਤੋਂ ਵੱਧ ਆਬਾਦੀ ਹੋਣ ਦੇ ਆਲਮੀ ਫ਼ਾਇਦੇ’ ਪੜ੍ਹਿਆ। ਲੇਖ ਪੜ੍ਹ ਕੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦਾ ਸਿਰਫ਼ ਇਕੋ ਫ਼ਾਇਦਾ ਪਤਾ ਲੱਗਿਆ ਕਿ ਹੁਣ ਅਸੀਂ ਹਿੱਕ ਥਾਪੜ ਕੇ ਕਹਿ ਸਕਾਂਗੇ- ‘ਅਸੀਂ ਸਾਰੀ ਦੁਨੀਆ ਤੋਂ ਉੱਤੇ ਹਾਂ’। ਮੇਰੇ ਖਿਆਲ ਵਿਚ ਕਿਸੇ ਚੀਜ਼ ਨੂੰ ਫ਼ਾਇਦੇਮੰਦ ਜਾਂ ਨੁਕਸਾਨਦੇਹ ਕਹਿਣਾ ਇਸ ਤੱਥ ਤੋਂ ਤੈਅ ਕਰਨਾ ਚਾਹੀਦਾ ਹੈ ਕਿ ਕੁੱਲ ਮਿਲਾ ਕੇ ਫ਼ਾਇਦਾ ਵੱਧ ਹੈ ਜਾਂ ਨੁਕਸਾਨ? ਜੇ ਆਬਾਦੀ ਵਾਧੇ ਦੇ ਫ਼ਾਇਦੇ ਵੱਧ ਹੋਣ ਤਾਂ ਕੀ ਕੋਈ ਵੀ ਦੇਸ਼, ਆਬਾਦੀ ਘਟਾਉਣ ਦੇ ਯਤਨ ਨਾ ਕਰੇ। ਇਸ ਲਈ ਆਬਾਦੀ ਵਿਚ ਇਕ ਨੰਬਰ ’ਤੇ ਹੋਣ ਦਾ ਮਾਣ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਤੋਂ ਇਲਾਵਾ ਕੁਝ ਵੀ ਨਹੀਂ ਹੈ।

ਅੰਗਰੇਜ਼ ਸਿੰਘ, ਮੁਹਾਲੀ


ਜਾਂਚ ਏਜੰਸੀਆਂ ਦੀ ਦੁਰਵਰਤੋਂ

5 ਫਰਵਰੀ ਵਾਲਾ ਸੰਪਾਦਕੀ ‘ਭ੍ਰਿਸ਼ਟਾਚਾਰ ਤੇ ਜਾਂਚ ਏਜੰਸੀਆਂ’ ਪੜ੍ਹਿਆ। ਵਿਰੋਧੀ ਪਾਰਟੀਆਂ ਅਕਸਰ ਸੱਤਾਧਾਰੀ ਪਾਰਟੀ ਨੂੰ ਜਾਂਚ ਏਜੰਸੀਆਂ ਨੂੰ ਆਪਣੇ ਹਿੱਤ ਲਈ ਵਰਤਣ ਬਾਰੇ ਨੁਕਤਾਚੀਨੀ ਕਰਦੀਆਂ ਰਹਿੰਦੀਆਂ ਹਨ। ਸੀਬੀਆਈ ਨੂੰ ਪਿੰਜਰੇ ਦਾ ਤੋਤਾ ਵਾਂਗ ਵਰਤਣ ਲਈ ਬਿਆਨ ਦਿੰਦੀਆਂ ਹਨ। ਜਦੋਂ ਉਹ ਆਪ ਸੱਤਾ ਵਿਚ ਆਉਂਦੀਆਂ ਹਨ ਤਾਂ ਉਹ ਵੀ ਜਾਂਚ ਏਜੰਸੀਆਂ ਦਾ ਇਵੇਂ ਹੀ ਇਸਤੇਮਾਲ ਕਰਦੀਆਂ ਹਨ। 3 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਮੋਹਣ ਸ਼ਰਮਾ ਦੀ ਰਚਨਾ ‘ਸਾਦਗੀ’ ਸੋਚਣ ਲਈ ਮਜਬੂਰ ਕਰਦੀ ਹੈ। ਲੋਕਾਂ ਨੂੰ ਗਿਆਨੀ ਕਰਤਾਰ ਸਿੰਘ ਵਰਗੇ ਸਾਦਗੀ ਵਾਲੇ ਨੇਤਾ ਹੀ ਚੁਣਨੇ ਚਾਹੀਦੇ ਹਨ। 29 ਜਨਵਰੀ ਨੂੰ ਮਲਕੀਤ ਰਾਸੀ ਦਾ ਮਿਡਲ ‘ਪਹਿਲੀ ਅਧਿਆਪਕ’ ਵਿਚ ਲੇਖਕ ਨੇ ਜੋ ਵੇਰਵੇ ਅਵਤਾਰ ਕੌਰ ਸੰਧੂ ਬਾਰੇ ਦਿੱਤੇ ਹਨ, ਉਹ ਕਾਬਲ-ਏ-ਗ਼ੌਰ ਹਨ। ਕੋਈ ਵੀ ਆਦਰਸ਼ ਅਧਿਆਪਕ ਆਪਣੇ ਚਰਿੱਤਰ ਅਤੇ ਸ੍ਰਿਸ਼ਟਾਚਾਰ ਜ਼ਰੀਏ ਆਪਣੇ ਵਿਦਿਆਰਥੀਆਂ ’ਤੇ ਜੀਵਨ ਭਰ ਲਈ ਪ੍ਰਭਾਵ ਛੱਡਦਾ ਹੈ।

ਗੁਰਮੀਤ ਸਿੰਘ, ਵੇਰਕਾ


ਖੇਤੀ ਵਿਗਿਆਨੀ

3 ਫਰਵਰੀ ਨੂੰ ‘ਸਾਦਗੀ’ ਸਿਰਲੇਖ ਹੇਠ ਛਪੇ ਮਿਡਲ ਵਿਚ ਮੋਹਨ ਸ਼ਰਮਾ ਨੇ ਸਿਰੜੀ ਖੇਤੀ ਵਿਗਿਆਨੀ ਵਜੋਂ ਡਾ. ਦਿਲਬਾਗ ਸਿੰਘ ਕਾਲਕਟ ਦੀ ਆਪਣੇ ਕੰਮ ਪ੍ਰਤੀ ਲਗਨ ਵਾਲੀ ਭਾਵਨਾ ਦਾ ਜ਼ਿਕਰ ਕੀਤਾ ਹੈ। ਇਸ ਖੇਤੀ ਵਿਗਿਆਨੀ ਦਾ ਨਾਂ ਡਾ. ਦਿਲਬਾਗ ਸਿੰਘ ਕਾਲਕਟ ਨਹੀਂ। ਸੱਠਵਿਆਂ ਵਿਚ ਕਣਕ ਅਤੇ ਬਾਜਰੇ ਦੇ ਉੱਨਤ ਬੀਜ ਦੀ ਖੋਜ ਕਰ ਕੇ ਇਨ੍ਹਾਂ ਫ਼ਸਲਾਂ ਦਾ ਝਾੜ ਕਈ ਗੁਣਾ ਵਧਾਉਣ ਵਾਲਾ ਵਿਗਿਆਨੀ ਅਸਲ ਵਿਚ ਡਾ. ਦਿਲਬਾਗ ਸਿੰਘ ਅਠਵਾਲ ਸੀ। ਦੁਨੀਆ ਵਿਚ ਬਾਜਰੇ ਦੀ ਪਹਿਲੀ ਹਾਈਬ੍ਰਿਡ ਕਿਸਮ ਵਿਕਸਤ ਕਰਨ ਦਾ ਸ਼ਰਫ ਡਾ. ਅਠਵਾਲ ਨੂੰ ਹਾਸਿਲ ਹੋਇਆ ਹੈ। ਕਣਕ ਦੀ ਪ੍ਰਸਿੱਧ ਕਿਸਮ ਕਲਿਆਣ ਸੋਨਾ ਦਾ ਨਾਮ ਉਨ੍ਹਾਂ ਦੇ ਪਿੰਡ ਕਲਿਆਣਪੁਰ ’ਤੇ ਰੱਖਿਆ ਗਿਆ ਸੀ। ਮੈਕਸਿਕਨ ਕਿਸਮਾਂ ਤੋਂ ਪ੍ਰਾਪਤ ਲਾਲ ਰੰਗ ਦੇ ਆਟੇ ਤੋਂ ਬਾਅਦ ਡਾ. ਅਠਵਾਲ ਦੁਆਰਾ ਵਿਕਸਤ ਸ਼ਰਬਤੀ ਤੇ ਸੁਨਹਿਰੀ ਕਣਕਾਂ ਦੇ ਬੀਜਾਂ ਨੇ ਪੰਜਾਬ ’ਚ ਖੇਤੀ ਇਨਕਲਾਬ ਲਿਆਂਦਾ ਸੀ।

ਅਵਤਾਰ ਸਿੰਘ ਭੁੱਲਰ, ਕਪੂਰਥਲਾ


ਵਾਤਾਵਰਨ ’ਚ ਵਿਗਾੜ

30 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਡਾ. ਸਸ ਛੀਨਾ ਦਾ ਲੇਖ ‘ਵਾਤਾਵਰਨ ਸੰਤੁਲਨ ਅਤੇ ਸਰਕਾਰੀ ਸਰਪ੍ਰਸਤੀ’ ਮਹੱਤਵਪੂਰਨ ਹੈ। ਬਿਨਾਂ ਸ਼ੱਕ ਅੱਜ ਵਾਤਾਵਰਨ ਦਾ ਵਿਗੜ ਰਿਹਾ ਸੰਤੁਲਨ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਲਗਾਤਾਰ ਵਧ ਰਹੀ ਵਸੋਂ ਦੀਆਂ ਲੋੜਾਂ ਅਤੇ ਵਧੇਰੇ ਅਨਾਜ ਪੈਦਾਵਾਰ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਅੰਧਾਧੁੰਦ ਵਰਤੋਂ ਵਾਤਾਵਰਨ ਦੇ ਅਸੰਤੁਲਨ ਲਈ ਜ਼ਿੰਮੇਵਾਰ ਹੈ। ਪੰਜਾਬ ਵਿਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਰਿਹਾ, ਫ਼ਸਲਾਂ ਦਾ ਵੱਧ ਮੁਨਾਫ਼ਾ ਲੈਣ ਲਈ ਇਨ੍ਹਾਂ ਦੀ ਅੰਧਾਧੁੰਦ ਕੀਤੀ ਜਾ ਰਹੀ ਵਰਤੋਂ ਹੋ ਰਹੀ ਹੈ। ਕਣਕ-ਝੋਨੇ ਦੇ ਕੁਚੱਕਰ ਨੇ ਵਾਤਾਵਰਨ ਹੀ ਨਹੀਂ, ਇੱਥੋਂ ਦੇ ਪਾਣੀ ਦਾ ਸੰਤੁਲਨ ਵੀ ਵਿਗਾੜ ਦਿੱਤਾ ਹੈ। ਇਸ ਦੇ ਸੁਧਾਰ ਲਈ ਜੈਵਿਕ ਖੇਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਨਾਜ਼ੁਕ ਵਿੱਤੀ ਹਾਲਾਤ

14 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਹੇਠਾਂ ‘ਆਰਥਿਕ ਝਰੋਖਾ’ ਤਹਿਤ ਰਾਜੀਵ ਖੋਸਲਾ ਦਾ ਲੇਖ ‘ਭਾਰਤ ਦੇ ਨਾਜ਼ੁਕ ਵਿੱਤੀ ਹਾਲਾਤ’ ਹਰ ਇਕ ਲਈ ਘੋਖਣ ਵਾਲਾ ਹੈ। ਭਾਰਤੀ ਅਰਥਚਾਰੇ ਦੀ ਦਸ਼ਾ ਅਤੇ ਦਿਸ਼ਾ ਡਾਵਾਂਡੋਲ ਹੈ। ਕੇਂਦਰ ਸਰਕਾਰ ਭਾਵੇਂ ਲੋਕਾਂ ਤੋਂ ਅੰਕੜੇ ਛੁਪਾਉਣ ਵਿਚ ਕਾਮਯਾਬ ਹੈ ਪਰ ਅਰਧ ਸਰਕਾਰੀ ਅਦਾਰੇ ਅਤੇ ਬੈਂਕ ਬੇਚੈਨ ਹਨ। ਐੱਸਬੀਆਈ ਦੇ ਰਿਸਰਚ ਵਿੰਗ ਨੇ ਕੇਂਦਰ ਸਰਕਾਰ/ਰਿਜ਼ਰਵ ਬੈਂਕ ਨੂੰ ਸੂਚਿਤ ਕੀਤਾ ਹੈ ਕਿ ਦੇਸ਼ ਵਿਚ ਗ਼ਰੀਬ-ਅਮੀਰ ਪਾੜਾ ਆਪ ਮੁਹਾਰੇ ਵਧ ਰਿਹਾ ਹੈ। ਦੇਸ਼ ਦੀ ਹੁਣ ‘ਕੇ’ ਆਕਾਰ (‘K’ Shape) ਆਰਥਿਕ ਅਵਸਥਾ ਹੈ ਜੋ ਬੈਂਕ ਐੱਨਪੀਏ ਤੇਜ਼ੀ ਨਾਲ ਵਧਾ ਰਹੀ ਹੈ। ਬੇਰੁਜ਼ਗਾਰੀ ਨੇ ਲੋਕਾਂ ਦੀ ਖਰੀਦ ਸ਼ਕਤੀ ਬਹੁਤ ਘਟਾ ਦਿੱਤੀ ਹੈ। ਇਸੇ ਕਰ ਕੇ ਲੋਕ ਨਿੱਜੀ ਲੋੜਾਂ ਦੀ ਪੂਰਤੀ ਲਈ ਕਰਜ਼ੇ ਚੁੱਕ ਰਹੇ ਹਨ। ਬਾਜ਼ਾਰ ਵਿਚ ਸਾਜ਼ੋ-ਸਾਮਾਨ ਅਤੇ ਚਮਕ ਤਾਂ ਹੈ ਪਰ ਖਰੀਦਦਾਰ ਉਦਾਸੀਨ ਹੈ; ਭਾਵ, ਮੰਗ ਅਤੇ ਸਪਲਾਈ ਵਿਚ ਵਿਘਨ ਹੈ।

ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ

LEAVE A REPLY

Please enter your comment!
Please enter your name here