ਨਿਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ

ਸੰਗਰੂਰ, 30 ਮਾਰਚ

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਨਕ ਪਿੰਗਲਵਾੜਾ ਸ਼ਾਖ਼ਾ ਦੇ 24ਵੇਂ ਸਾਲਾਨਾ ਸਥਾਪਨਾ ਦਿਵਸ ਦਾ ਪਹਿਲਾ ਦਿਨ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸਮਰਪਿਤ ਰਿਹਾ। ਪਿੰਗਲਵਾੜਾ ਸ਼ਾਖ਼ਾ ਦੇ ਵਿਹੜੇ ਵਿੱਚੋਂ ਝਲਕ ਰਹੀ ਪੰਜਾਬ ਦੇ ਵਿਰਸੇ ਦੀ ਖੂਬਸੂਰਤ ਤਸਵੀਰ ਮਹਿਕਾਂ ਬਿਖੇਰ ਰਹੀ ਸੀ। ਪਹਿਲੀ ਵਾਰ ਸਾਖ਼ਾ ਦੇ ਵਿਹੜੇ ’ਚ ‘ਸਾਡਾ ਵਿਰਸਾ’ ਉੱਤੇ ਆਧਾਰਿਤ ਇੱਕ ਪਿੰਡ ਵਸਾਇਆ ਗਿਆ ਜਿਸ ਦੇ ਹਰ ਕੋਨੇ ਵਿੱਚੋਂ ਨਜ਼ਰ ਆ ਰਹੀ ਪੁਰਾਤਨ ਪੰਜਾਬ ਦੀ ਝਲਕ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਸਾਡਾ ਵਿਰਸਾ ਆਧਾਰਿਤ ਵਸਾਏ ਪਿੰਡ ਵਿੱਚ ਭਾਈਚਾਰਕ ਸਾਂਝ ਦੀ ਪ੍ਰਤੀਕ ‘ਸੱਥ’, ‘ਤੂੜੀ ਵਾਲਾ ਕੁੱਪ’, ਖੂਹ, ਪਾਥੀਆਂ ਵਾਲਾ ਗੁਹਾਰਾ, ਜ਼ਮੀਨ ਦੀ ਵਾਹੀ ਕਰਨ ਲਈ ਬਲਦਾਂ ਵਾਲਾ ਹਲ, ਬਲਦਾਂ ਦੀ ਪੰਜਾਲੀ, ਚਰਖ਼ਾ, ਛੰਨਾਂ, ਪੀਲੀ ਮਿੱਟੀ ਨਾਲ ਲਿੱਪ ਕੇ ਸਜਾਈ ਪੇਂਡੂ ਰਸੋਈ, ਮਿੱਤਲ ਦੇ ਭਾਂਡੇ ਅਤੇ ਹੋਰ ਲੋਪ ਹੋ ਚੁੱਕਿਆ ਸਾਜ਼ੋ- ਸਾਮਾਨ ਅਮੀਰ ਸਭਿਆਚਾਰਕ ਵਿਰਸੇ ਦੀਆਂ ਬਾਤਾਂ ਪਾਉਂਦਾ ਇਹ ਆਖ਼ਦਾ ਜਾਪ ਰਿਹਾ ਸੀ ਕਿ ‘ਪੰਜਾਬੀਓ ਮੇਰੀ ਹੋਂਦ ਨੂੰ ਬਚਾ ਲਓ’।

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕਿਹਾ,‘ਅਸੀਂ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੇ ਜਾ ਰਹੇ ਹਾਂ। ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਹੀ ਸਮਾਗਮ ਨੂੰ ਵਿਸ਼ੇਸ਼ ਰੂਪ ਦਿੱਤਾ ਗਿਆ ਹੈ।’

ਪਿੰਗਲਵਾੜਾ ਸ਼ਾਖਾ ਦੇ ਪ੍ਰਬੰਧਕ ਤਰਲੋਚਨ ਸਿੰਘ ਚੀਮਾ, ਵਧੀਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਅਤੇ ਮਾਸਟਰ ਸੱਤਪਾਲ ਸ਼ਰਮਾ ਦੀ ਦੇਖ ਰੇਖ ਹੇਠ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਦੀ ਮੰਚ ਸੰਚਾਲਨ ਦੌਰਾਨ ਸਮਾਗਮ ’ਚ ਪਿੰਗਲਵਾੜਾ ਸਾਖ਼ਾ ਮਾਨਾਂਵਾਲਾ ਦੇ ਸਪੈਸ਼ਲ ਸਕੂਲ, ਡੈਫ ਸਕੂਲ ਅਤੇ ਸੰਗਰੂਰ ਦੇ ਬੱਚਿਆਂ, ਸਟਾਫ਼ ਸੇਵਾਦਾਰਨੀਆਂ, ਨੈਸ਼ਨਲ ਨਰਸਿੰਗ ਕਾਲਜ ਸੰਗਰੂਰ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ ਭੰਗੜਾ ਤੇ ਰਾਜਸਥਾਨੀ ਨਾਚ ਆਦਿ ਵੱਖ-ਵੱਖ ਪੇਸ਼ਕਾਰੀਆਂ ਨੇ ਸਭਿਆਚਾਰਕ ਰੰਗ ਬਖੇਰਿਆ। ਪੰਜਾਬੀ ਸੱਥ ਜਰਗ ਦੇ ਮੁਖੀ ਨਵਜੋਤ ਸਿੰਘ ਮੰਡੇਰ, ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੇ ਢਾਡੀ ਕਲਾ, ਹੀਰ ਅਤੇ ਪੁਰਾਤਨ ਕਲਾਵਾਂ ਰਾਹੀਂ ਵਿਰਸੇ ਦਾ ਖੂਬ ਰੰਗ ਬੰਨ੍ਹਿਆ। ਗੁਰਮਤਿ ਸਿੰਘ ਸਭ ਤੋਂ ਛੋਟਾ ਤੂੰਬੀ ਵਾਦਕ (ਏਸ਼ੀਆ ਬੁੱਕ ਦਾ ਰਿਕਾਰਡੀ) , ਪਵਿੱਤਰ ਕੌਰ ਗਰੇਵਾਲ, ਜਸਵੀਰ ਕੌਰ ਤੇ ਜਗਜੀਤ ਕੌਰ ਲਹਿਰਾਗਾਗਾ ਨੇ ਲੰਮੀਆਂ ਹੇਕਾਂ ਨਾਲ, ਦਰਸ਼ਨ ਸਿੰਘ ਕੱਟੂ ਬਾਲੀਆਂ ਨੇ ਭਗਤ ਪੂਰਨ ਸਿੰਘ ਸਬੰਧੀ ਬੋਲੀਆਂ ਨਾਲ ਤੇ ਰਵਨੀਤ ਕੌਰ ਨੇ ਸ਼ੰਮੀ ਨਾਚ ਪੇਸ਼ ਕੀਤਾ। ਹਰਨੂਰ ਕੌਰ ਪਰੀ ਅਤੇ ਗੁਰਨੂਰ ਕੌਰ ਦੇ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪਿੰਗਲਵਾੜਾ ਸਾਖ਼ਾ ਮਾਨਾਂਵਾਲਾ ਦੇ ਬੱਚਿਆਂ ਨੇ ਗੱਤਰੇ ਦੇ ਜੌਹਰ ਦਿਖਾਏ। ਕਲਾਕਾਰ ਸੁੱਖੀ ਬਰਾੜ ਨੇ ਗੀਤਾਂ ਰਾਹੀਂ ਦਰਸ਼ਕਾਂ ਦਾ ਮੰਨੋਰੰਜਨ ਕੀਤਾ।

LEAVE A REPLY

Please enter your comment!
Please enter your name here