ਕੁਲਦੀਪ ਸਿੰਘ

ਚੰਡੀਗੜ੍ਹ, 9 ਮਈ

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਅੱਜ ਫਲਸਤੀਨੀ ਸੰਘਰਸ਼ ਅਤੇ ਅਮਰੀਕੀ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਫਲਸਤੀਨੀਆਂ ਦੇ ਸਮਰਥਨ ਕਰਨ ਲਈ ਮੁਜ਼ਾਹਰਾ ਕੀਤਾ। ਸਟੂਡੈਂਟਸ ਸੈਂਟਰ ਵਿੱਚ ਕੀਤੀ ਗਈ ਇਸ ਮੁਜ਼ਾਹਰੇ ਵਿੱਚ ਅਮਰੀਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇਸ ਭਾਵਨਾ ਨੂੰ ਸਲਾਮ ਕੀਤਾ ਗਿਆ। ਸ਼ੁਰੂਆਤ ਵਿੱਚ ਵਿਦਿਆਰਥਣ ਸਾਰਾਹ ਵੱਲੋਂ ਪੰਜਾਬ ਦੀ ਇਤਿਹਾਸਕ ਵਿਦਿਆਰਥੀ ਲਹਿਰ ਦਾ ਪ੍ਰਸਿੱਧ ਗੀਤ ‘ਜਬਰ ਨਾਕਾਮੀ ਹੋਰ ਜਬਰ’ ਪੇਸ਼ ਕੀਤਾ ਗਿਆ। ਵਿਦਿਆਰਥੀ ਆਗੂ ਜੋਬਨ ਨੇ ਕਿਹਾ ਕਿ ਇਜ਼ਰਾਇਲੀ ਧਾੜਵੀ ਬੜੀ ਬੇਕਿਰਕੀ ਨਾਲ ਲਗਾਤਾਰ ਫਲਸਤੀਨੀ ਲੋਕਾਂ ਦਾ ਕਤਲੇਆਮ ਕਰ ਰਹੇ ਹਨ। ਇਹੋ ਜਿਹੇ ਸਮੇਂ ਵਿੱਚ ਇਸ ਕਤਲੇਆਮ ਖਿਲਾਫ਼ ਬੋਲਣਾ ਜ਼ਰੂਰੀ ਬਣ ਜਾਂਦਾ ਹੈ। ਇਸ ਦੀ ਮਿਸਾਲ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿੱਤੀ ਜਦੋਂ ਉਨ੍ਹਾਂ ਯੂਨੀਵਰਸਿਟੀ ਦੇ ਅੰਦਰ ਕੈਂਪ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪਹਿਲਕਦਮੀ ਹੁਣ ਅਮਰੀਕਾ ਤੱਕ ਸੀਮਿਤ ਨਾ ਰਹਿ ਕੇ ਸੰਸਾਰ ਪੱਧਰ ਤੱਕ ਫੈਲ ਚੁੱਕੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੀਐੱਸਯੂ (ਲਲਕਾਰ) ਉਨ੍ਹਾਂ ਵਿਦਿਆਰਥੀਆਂ ਦੀ ਇਸ ਭਾਵਨਾ ਨੂੰ ਸਲਾਮ ਕਰਦੀ ਹੈ ਅਤੇ ਫਲਸਤੀਨੀ ਸੰਘਰਸ਼ ਦੀ ਹਮਾਇਤ ਕਰਦੀ ਹੋਈ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਮਘਾਉਣ ਦਾ ਨਾਅਰਾ ਦਿੰਦੀ ਹੈ। ਅੱਜ ਦੇ ਮੁਜ਼ਾਹਰੇ ਵਿੱਚ ਨੌਜਵਾਨ ਭਾਰਤ ਸਭਾ ਤੋਂ ਵੈਭਵ, ਐੱਸ.ਐੱਫ.ਐੱਸ. ਤੋਂ ਸੰਦੀਪ, ਏਐੱਫਡੀਆਰ ਤੋਂ ਮਨਪ੍ਰੀਤ ਅਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਵੀ ਆਪਣੇ ਵਿਚਾਰ ਰੱਖੇ। ਮੁਜ਼ਾਹਰੇ ਦਾ ਸੰਚਾਲਨ ਮਨਿਕਾ ਵੱਲੋਂ ਕੀਤਾ ਗਿਆ।

LEAVE A REPLY

Please enter your comment!
Please enter your name here