ਅਮਿਤਾਭ ਭੱਟਾਚਾਰੀਆ

ਗ੍ਰੈਜੂਏਸ਼ਨ ਪੂਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਮੈਂ ਫਿਲਮ ਸੁਸਾਇਟੀ ਅੰਦੋਲਨ ਵਿੱਚ ਲੀਨ ਹੋ ਕੇ ‘ਗਰਮ ਹਵਾ’ ਦੇਖੀ ਸੀ ਅਤੇ ਇਸ ਫਿਲਮ ਨੇ ਮੇਰੇ ’ਤੇ ਜੋ ਪ੍ਰਭਾਵ ਛੱਡਿਆ, ਉਹ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਚੇਤੇ ਹੈ। ਸਤਿਆਜੀਤ ਰੇਅ ਨੇ ਫਿਲਮ ਦਾ ਪੁਰਜ਼ੋਰ ਬਚਾਅ ਕਰਦਿਆਂ ਇੱਕ ਮਸ਼ਹੂਰ ਬੰਗਾਲੀ ਹਫ਼ਤਾਵਾਰੀ ਰਸਾਲੇ ਨੂੰ ਇੱਕ ਲੰਮੀ ਚਿੱਠੀ ਲਿਖੀ ਸੀ। ਉਦੋਂ ਉਥਲ ਪੁਥਲ ਦੇ ਦਿਨ ਸਨ, ਖ਼ਾਸ ਕਰ ਕੇ ਬੰਗਾਲ ਅਤੇ ਭਾਰਤ ਦੇ ਬਹੁਤੇ ਖੇਤਰਾਂ ਵਿੱਚ। ਪੰਜਾਹ ਸਾਲਾਂ ਬਾਅਦ, ਜਦੋਂ ਮੈਂ ਹਾਲ ਹੀ ਵਿੱਚ ਇਹ ਫਿਲਮ ਦੁਬਾਰਾ ਦੇਖੀ ਤਾਂ ਮੇਰਾ ਮਨ ਭਰ ਆਇਆ। ਮੈਂ ਬਦਲ ਗਿਆ ਹਾਂ, ਦੇਸ਼ ਵੀ ਬਹੁਤ ਜ਼ਿਆਦਾ ਬਦਲ ਗਿਆ ਹੈ ਪਰ ਇਹ ਫਿਲਮ ਅਜੇ ਵੀ ਧੂਹ ਪਾਉਂਦੀ ਹੈ।

ਉਹ ਕੀ ਸ਼ੈਅ ਹੈ ਕਿ ‘ਗਰਮ ਹਵਾ’ ਹਿੰਦੀ/ਉਰਦੂ ਸਿਨੇਮਾ ਦੇ ਮਿਆਰ ਤੋਂ ਹੀ ਨਹੀਂ ਸਗੋਂ ਭਾਰਤੀ ਸਿਨਮੇ ਦੇ ਵਡੇਰੇ ਕੈਨਵਸ ’ਤੇ ਇੱਕ ਸ਼ਾਹਕਾਰ ਰਚਨਾ ਬਣੀ? ਇਸ ਦੇ ਵਿਸ਼ਾ ਵਸਤੂ ਦੀ ਪ੍ਰਸੰਗਕਿਤਾ ਜਾਂ ਇਸ ਦੇ ਨਿਰਦੇਸ਼ਨ ਦੀ ਲਿਆਕਤ, ਜ਼ਬਰਦਸਤ ਅਦਾਕਾਰੀ ਜਾਂ ਇਸ ਦਾ ਸੰਪਾਦਨ, ਪਟਕਥਾ ਜਾਂ ਸੰਗੀਤ? ਸ਼ਾਇਦ ਇਸ ਸਭ ਕੁਝ ਨੇ ਰਲ਼ ਕੇ ਜਾਂ ਇਸ ਤੋਂ ਵੀ ਕੁਝ ਵਧ ਕੇ ਇਸ ਨੂੰ ਸ਼ਾਹਕਾਰ ਬਣਾਇਆ ਸੀ। ਹਿੰਦੋਸਤਾਨ ਦੀ ਵੰਡ ਅਤੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਆਗਰਾ ਦੇ ਇੱਕ ਅਸ਼ਰਫ਼ੀ ਮੁਸਲਿਮ ਪਰਿਵਾਰ ਵਿੱਚ ਪੈਦੇ ਹੋਏ ਸੰਘਰਸ਼, ਦੁੱਖ ਅਤੇ ਮਾਯੂਸੀ ਦੇਸ਼ ਦੇ ਦੋ ਵੱਡੇ ਫ਼ਿਰਕਿਆਂ ਵਿਚਕਾਰ ਵਧ ਰਹੇ ਸਮਾਜਿਕ ਤਣਾਅ ਅਤੇ ਬੇਵਿਸਾਹੀ ਦੇ ਵਡੇਰੇ ਪ੍ਰਸੰਗ ਨੂੰ ਬਿਆਨ ਕਰਦੇ ਹਨ। ਇਸ ਸਭ ਕੁਝ ਨੂੰ ਇੰਨੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ ਕਿ ਇਸ ਫਿਲਮ ਨੂੰ ਦੇਸ਼ ਦੀ ਵੰਡ ਦੇ ਵਿਸ਼ਿਆਂ ’ਤੇ ਬਣੀਆਂ ਬਿਹਤਰੀਨ ਫਿਲਮਾਂ ’ਚੋਂ ਇੱਕ ਕਹਿਣਾ ਹੀ ਕਾਫ਼ੀ ਨਹੀਂ ਹੈ।

1974 ਵਿੱਚ ਲਿਖੇ ਇੱਕ ਹੋਰ ਪ੍ਰਭਾਵਸ਼ਾਲੀ ਲੇਖ ਵਿੱਚ ਰੇਅ ਨੇ ਆਪਣੇ ਮਖ਼ਸੂਸ ਅੰਦਾਜ਼ ਵਿੱਚ ‘ਗਰਮ ਹਵਾ’ ਦਾ ਜ਼ਿਕਰ ਕਰਦਿਆਂ ਇਸ ਦੇ ਥੀਮ, ਮੁੱਖ ਪਾਤਰਾਂ ਦੀ ਅਦਾਕਾਰੀ ਅਤੇ ਹਦਾਇਤਕਾਰ ਐੱਮਐੱਸ ਸਥਯੂ ਦੇ ਠਰ੍ਹੰਮੇ ਦੀ ਦਾਦ ਦਿੰਦਿਆਂ ਇਸ ਨੂੰ ਮੁਕੰਮਲ ਰਚਨਾ ਕਰਾਰ ਦਿੱਤਾ ਸੀ। ਉਨ੍ਹਾਂ ਲਿਖਿਆ ਸੀ, ‘‘ਇਸ ਗੱਲ ਦੇ ਸਬੂਤ ਹਨ ਕਿ ਇਹ ਫਿਲਮ ਬਹੁਤ ਹੀ ਘੱਟ ਵਸੀਲਿਆਂ ਨਾਲ ਬਣਾਈ ਗਈ ਸੀ; ਪਰ ਇਸ ਕਰ ਕੇ ਉਪਜੇ ਇਸ ਦੇ ਕੁਝ ਖਰ੍ਹਵੇ ਪੱਖਾਂ ਦੀ ਭਰਪਾਈ ਇਸ ਸਮੁੱਚੀ ਫਿਲਮ ਵਿੱਚ ਸਮੋਈ ਇਕਚਿਤ ਦਿਆਨਤਦਾਰੀ ਦੇ ਮਾਹੌਲ ਨੇ ਕਰ ਦਿੱਤੀ ਸੀ।’’ ਇਸਮਤ ਚੁਗਤਾਈ ਵੱਲੋਂ ਲਿਖੀ ਕਹਾਣੀ ਨੂੰ ਕੈਫ਼ੀ ਆਜ਼ਮੀ ਨੇ ਆਪਣੇ ਜ਼ਾਤੀ ਤਜਰਬੇ ਦੇ ਆਧਾਰ ’ਤੇ ਸਜਾਇਆ ਸੀ ਅਤੇ ਇਸ ਫਿਲਮ ਵਿੱਚ ਬਦਲਦੇ ਸਮੇਂ ਵਿੱਚ ਖਿੰਡ ਪੁੰਡ ਰਹੇ ਇੱਕ ਸੁਚੱਜੇ ਪਰਿਵਾਰ ਦੇ ਨਾਜ਼ੁਕ ਪਲਾਂ ਨੂੰ ਪਰੋਇਆ ਗਿਆ ਹੈ। ਫਿਲਮ ਵਿੱਚ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਨਿਭਾਇਆ ਹੈ ਜਿਸ ਦਾ ਖ਼ੁਦਾ ’ਤੇ ਅਡਿੱਗ ਭਰੋਸਾ ਹੈ ਅਤੇ ਮਾਹੌਲ ਵਿਗੜ ਜਾਣ ਦੇ ਬਾਵਜੂਦ ਆਗਰਾ ਛੱਡ ਕੇ ਜਾਣਾ ਨਹੀਂ ਚਾਹੁੰਦਾ ਜਦੋਂਕਿ ਉਸ ਦਾ ਭਰਾ ਅਤੇ ਮੁਸਲਿਮ ਲੀਗ ਦਾ ਇੱਕ ਨੇਤਾ ਹਲੀਮ ਚੁੱਪਚਾਪ ਆਪਣੇ ਪੁੱਤਰ ਕਜ਼ੀਮ ਨਾਲ ਪਾਕਿਸਤਾਨ ਚਲਿਆ ਜਾਂਦਾ ਹੈ ਹਾਲਾਂਕਿ ਸਲੀਮ ਦੀ ਬੇਟੀ ਅਮੀਨਾ (ਗੀਤਾ ਸਿਧਾਰਥ) ਦਾ ਕਜ਼ੀਮ ਨਾਲ ਵਿਆਹ ਹੋਣਾ ਹੁੰਦਾ ਹੈ।

ਉਨ੍ਹਾਂ ਦਾ ਪੁਸ਼ਤੈਨੀ ਘਰ ਹਲੀਮ ਦੇ ਨਾਂ ਹੋਣ ਕਰ ਕੇ, ਉਸ ਨੂੰ ‘ਔਕਾਫ਼ ਸੰਪਤੀ’ ਐਲਾਨ ਦਿੱਤਾ ਜਾਂਦਾ ਹੈ। ਸਲੀਮ ਦੇ ਪਰਿਵਾਰ ’ਤੇ ਮੁਸੀਬਤਾਂ ਦਾ ਪਹਾੜ ਟੁੱਟਣ ਕਰ ਕੇ ਉਨ੍ਹਾਂ ਨੂੰ ਇੱਕ ਛੋਟੇ ਘਰ ਵਿੱਚ ਤਬਦੀਲ ਹੋਣਾ ਪੈਂਦਾ ਹੈ ਅਤੇ ਬੈਂਕ ਤੋਂ ਕਰਜ਼ਾ ਨਾ ਮਿਲਣ ਕਰ ਕੇ ਜੁੱਤਿਆਂ ਦਾ ਕਾਰੋਬਾਰ ਵੀ ਠੱਪ ਹੋ ਜਾਂਦਾ ਹੈ ਅਤੇ ਮੁਹੱਲੇ ਵਿੱਚ ਉਸ ਨੂੰ ਪਾਕਿਸਤਾਨੀ ਏਜੰਟ ਹੋਣ ਦੇ ਤਾਅਨੇ ਮਿਹਣੇ ਸੁਣਨੇ ਪੈਂਦੇ ਹਨ। ਆਖ਼ਰ ਜਦੋਂ ਉਸ ਦੀ ਧੀ ਦੇ ਵਿਆਹ ਦੀਆਂ ਆਸਾਂ ਬਿਖਰ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀ ਕਰ ਲੈਂਦੀ ਹੈ ਜਿਸ ਤੋਂ ਬਾਅਦ ਸਲੀਮ ਦਾ ਸਬਰ ਜਵਾਬ ਦੇ ਦਿੰਦਾ ਹੈ ਅਤੇ ਉਹ ਵੀ ਆਪਣੀ ਪਤਨੀ (ਸ਼ੌਕਤ ਆਜ਼ਮੀ) ਅਤੇ ਪੜ੍ਹਨ ਦੇ ਬਾਵਜੂਦ ਬੇਰੁਜ਼ਗਾਰ ਪੁੱਤਰ (ਫ਼ਾਰੂਕ ਸ਼ੇਖ) ਨਾਲ ਪਾਕਿਸਤਾਨ ਚਲੇ ਜਾਣ ਲਈ ਤਿਆਰ ਹੋ ਜਾਂਦਾ ਹੈ। ਰੇਲਵੇ ਸਟੇਸ਼ਨ ਵੱਲ ਜਾਂਦਿਆਂ ਉਹ ਰਾਹ ਵਿੱਚ ਪ੍ਰਗਤੀਸ਼ੀਲ ਧਿਰਾਂ ਵੱਲੋਂ ਕੱਢੇ ਜਾ ਰਹੇ ਇੱਕ ਪ੍ਰਦਰਸ਼ਨ ਨੂੰ ਦੇਖਦੇ ਹਨ ਜਿਸ ਵਿੱਚ ਇਨਸਾਫ਼ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਉਨ੍ਹਾਂ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗ ਪੈਂਦੀ ਹੈ ਅਤੇ ਉਹ ਆਪਣਾ ਫ਼ੈਸਲਾ ਬਦਲ ਲੈਂਦੇ ਹਨ। ਇਸ ਫਿਲਮ ਦੀ ਇੱਕ ਵੱਖਰੀ ਪਛਾਣ ਬਣੀ ਰਹੀ ਹੈ ਜਿਸ ਦੇ ਕਈ ਕਾਰਨ ਹਨ। ਪਹਿਲਾ ਇਹ ਕਿ ਇਸ ਵਿੱਚ ਮਾਯੂਸੀ ਤਾਂ ਹੈ ਪਰ ਕੜਵਾਹਟ ਨਹੀਂ ਹੈ ਅਤੇ ਫਿਲਮ ਵਿੱਚ ਕੋਈ ਖ਼ਲਨਾਇਕ ਨਹੀਂ ਦਿਖਾਇਆ ਗਿਆ। ਕਿਸੇ ਨੂੰ ਵੀ ਪੂਰੀ ਤਰ੍ਹਾਂ ਸਿਆਹ ਨਹੀਂ ਦਿਖਾਇਆ ਗਿਆ। ਕੋਈ ਮੰਨੇ ਭਾਵੇਂ ਨਾ ਪਰ ਇਸ ਫਿਲਮ ’ਤੇ ਸਤਿਆਜੀਤ ਰੇਅ ਦੀ ਫਿਲਮਸਾਜ਼ੀ ਦਾ ਅਸਰ ਨਜ਼ਰ ਆਉਂਦਾ ਹੈ ਜਿਸ ਵਿੱਚ ਹਰ ਪੱਖ ਨੂੰ ਸੰਜਮ ਨਾਲ ਨਿਭਾਇਆ ਗਿਆ ਹੈ ਅਤੇ ਹਾਲਾਤ ਦੇ ਮਾਰੇ ਪਾਤਰ ਅਸਲੀਅਤ ਦੇ ਨੇੜੇ ਅਤੇ ਮਾਨਵੀ ਨਜ਼ਰ ਆਉਂਦੇ ਹਨ। ਮੈਸੂਰ ਸ੍ਰੀਨਿਵਾਸ ਸਥਯੂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਜ਼ਬਾਤ ਨੂੰ ਕਾਬੂ ਅਤੇ ਇਨ੍ਹਾਂ ਦਾ ਇਜ਼ਹਾਰ ਕਿਵੇਂ ਕਰਨਾ ਹੈ। ਨਾਟਕੀ ਅੰਸ਼ ਭਾਰੂ ਹੈ ਪਰ ਰੋਣ ਧੋਣ ਤੋਂ ਪ੍ਰਹੇਜ਼ ਰੱਖਿਆ ਗਿਆ ਹੈ। ਇਸ ਕਰ ਕੇ ਇਹ ਕਲਾਤਮਿਕ ਗੁਣਵੱਤਾ ਵਾਲੀ ਇੱਕ ਨਫ਼ੀਸ ਫਿਲਮ ਗਿਣੀ ਜਾਂਦੀ ਹੈ।

ਦੂਜਾ, ਇਹ ਕਾਰਜ ਇਨਸਾਨੀ ਨਿੱਘ ਨਾਲ ਭਰਿਆ ਹੋਇਆ ਹੈ। ਬੇਹੱਦ ਮੁਸ਼ਕਲ ਹਾਲਾਤ ਵਿੱਚ ਵੀ ਨਾਇਕ ਹਾਸਾ-ਠੱਠਾ ਕਰਦੇ ਹਨ, ਪ੍ਰੇਮ ਨਾਲ ਪੇਸ਼ ਆਉਂਦੇ ਤੇ ਆਨੰਦ ਲੈਂਦੇ ਹਨ। ਇੱਕ ਤੋਂ ਬਾਅਦ ਇੱਕ ਯਾਦਗਾਰੀ ਦ੍ਰਿਸ਼ ’ਚ, ਜ਼ਿੰਦਗੀ ਦਾ ਤਮਾਸ਼ਾ ਆਪਣੇ ਸਾਰੇ ਰੰਗਾਂ ਨੂੰ ਪ੍ਰਗਟ ਕਰਦਾ ਹੈ ਤੇ ਵਿਸ਼ੇ ਨੂੰ ਭਰੋਸੇਯੋਗਤਾ ਅਤੇ ਸੁਹਜ ਨਾਲ ਭਰ ਦਿੰਦਾ ਹੈ। ਇਸ ਦਾ ਸਿਹਰਾ ਖੱਬੇ-ਪੱਖੀ ਝੁਕਾਅ ਵਾਲੇ ਸਥਯੂ ਨੂੰ ਜਾਂਦਾ ਹੈ ਕਿ ਇੱਕ ਗੰਭੀਰ ਸੰਦਰਭ ’ਚ ਫਿਲਮਾਈ ਗਈ ਫਿਲਮ ਨੂੰ ਉਪਦੇਸ਼ਾਤਮਕ ਜਾਂ ਕਿਸੇ ਤਰ੍ਹਾਂ ਦੇ ਪ੍ਰਚਾਰ ਦਾ ਮਾਧਿਅਮ ਨਹੀਂ ਬਣਨ ਦਿੱਤਾ ਗਿਆ। ਫਿਲਮ ਨੂੰ ਵਿਆਪਕ ਵਾਹ-ਵਾਹ ਮਿਲਣ ਦਾ ਇਹ ਇੱਕ ਕਾਰਨ ਸੀ। ਤੀਜਾ, ਸਥਯੂ ਵਪਾਰਕ ਕਲਾ ਦੇ ਸਭ ਤੋਂ ਵੱਡੇ ਰੂਪ ਵਜੋਂ ਸਿਨੇਮਾ ਦੀ ਸਮਰੱਥਾ ਨੂੰ ਜਾਣਦੇ ਸਨ ਤੇ ਉਨ੍ਹਾਂ ਇਸ ਗਿਆਨ ਨੂੰ ਫਿਲਮ ਦੇ ਹਿੱਤ ’ਚ ਬਿਹਤਰੀਨ ਢੰਗ ਨਾਲ ਵਰਤਿਆ। ਹਰੇਕ ਅਦਾਕਾਰ ਦੀ ਸ਼ਾਨਦਾਰ ਪੇਸ਼ਕਾਰੀ, ਬਹਾਦੁਰ ਖ਼ਾਨ ਦੇ ਸ਼ਾਨਦਾਰ ਸੰਗੀਤ ਨਿਰਦੇਸ਼ਨ ਤੇ ਕੈਫੀ ਆਜ਼ਮੀ ਅਤੇ ਸ਼ਮ੍ਹਾ ਜ਼ੈਦੀ ਵੱਲੋਂ ਲਿਖੀ ਬੇਮਿਸਾਲ ਪਟਕਥਾ ਦੀ ਬਦੌਲਤ ਇਹ ਫਿਲਮ ਉਮੀਦ ਤੇ ਸੰਵੇਦਨਾ ਜਗਾਉਂਦੀ ਹੈ।

ਸਲੀਮ ਮਿਰਜ਼ਾ ਇਸ ਗੱਲ ਨੂੰ ਭਲੀਭਾਂਤ ਜਾਣਦਾ ਹੈ ਕਿ ਕਿਉਂ ਉਨ੍ਹਾਂ ਦੇ ਜੱਦੀ ਘਰ ਨੂੰ ‘ਸ਼ਰਨਾਰਥੀਆਂ ਦੀ ਸੰਪਤੀ’ ਐਲਾਨਿਆ ਗਿਆ ਹੈ ਜਾਂ ਕਿਉਂ ਉਸ ’ਤੇ ਪਾਕਿਸਤਾਨੀ ਜਾਸੂਸ ਹੋਣ ਦੇ ਦੋਸ਼ ਲਾਏ ਗਏ (ਮਗਰੋਂ ਬਰੀ ਕੀਤਾ ਗਿਆ) -ਇਸ ਦਾ ਵੱਡਾ ਕਾਰਨ ਉਸ ਦੀ ਬੇਪ੍ਰਵਾਹੀ ਤੇ ਸ਼ਾਲੀਨਤਾ ਸੀ। ਉਸ ਨੂੰ ਸਮਝ ਸੀ ਕਿ ਬੈਂਕਾਂ ਉਸ ਦੇ ਜੁੱਤਿਆਂ ਦੇ ਕਾਰੋਬਾਰ ਲਈ ਕਰਜ਼ਾ ਦੇਣ ਤੋਂ ਇਸ ਲਈ ਮਨ੍ਹਾਂ ਕਰ ਰਹੀਆਂ ਹਨ ਕਿਉਂਕਿ ਕਈ ਲੋਕ ਕਰਜ਼ਾ ਅਦਾ ਕੀਤੇ ਬਿਨਾਂ ਪਾਕਿਸਤਾਨ ਚਲੇ ਗਏ ਹਨ, ਤੇ ਦੋਵਾਂ ਫ਼ਿਰਕਿਆਂ ਵਿੱਚ ਹੀ ਚੰਗੇ ਤੇ ਮਾੜੇ ਤੱਤ ਮੌਜੂਦ ਹਨ। ਮਨੁੱਖੀ ਸੁਭਾਅ ’ਚ ਉਨ੍ਹਾਂ ਦਾ ਇਹ ਵਿਸ਼ਵਾਸ ਬਹੁਤ ਪੱਕਾ ਸੀ। ਇਸ ਲਈ ਪਾਕਿਸਤਾਨ ਜਾਣ ਸਮੇਂ, ਥੋੜ੍ਹੀ ਜਿਹੀ ਉਮੀਦ ਜਾਗਣ ’ਤੇ ਉਹ ਆਪਣੇ ਪੁੱਤਰ ਨਾਲ ਜਲੂਸ ਵਿੱਚ ਸ਼ਾਮਲ ਹੋ ਗਿਆ ਤੇ ਰੁਕਣ ਦਾ ਫ਼ੈਸਲਾ ਕਰ ਕੇ ਇੱਕ ਜਾਗਰੂਕ ਨਾਗਰਿਕ ਵਜੋਂ ਉਸ ਨੇ ਇਨਸਾਫ਼ ਤੇ ਸਾਂਝੇ ਹਿੱਤ ਲਈ ਸੰਘਰਸ਼ ਕਰਨ ਦਾ ਮਨ ਬਣਾ ਲਿਆ। ਇਹ ਸਾਰੇ ਕਾਰਕ ਮਿਲ ਕੇ ‘ਗਰਮ ਹਵਾ’ ਨੂੰ ਭਾਰਤੀ ਸਿਨੇਮਾ ’ਚ ਇੱਕ ਮੀਲ ਪੱਥਰ ਬਣਾਉਂਦੇ ਹਨ। ਸੈਂਸਰ ਬੋਰਡ ਨੇ ਕਈ ਮਹੀਨਿਆਂ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ, ਕੁਝ ਸੰਗਠਨਾਂ ਨੇ ਫਿਲਮ ਦੀ ਰਿਲੀਜ਼ ਖਿਲਾਫ਼ ਚਿਤਾਵਨੀਆਂ ਵੀ ਦਿੱਤੀਆਂ ਪਰ ਇਸ ਸਭ ਦੇ ਬਾਵਜੂਦ ਇਹ ਫਿਲਮ ਵੱਡੇ-ਵੱਡੇ ਮੁਕਾਬਲਿਆਂ ਵਿੱਚ ਨਾਮਜ਼ਦ ਹੋਈ ਤੇ ਇਸ ਨੇ ਕੌਮੀ ਏਕਤਾ ’ਤੇ ਸਰਬੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਫਿਲਮ ਨੂੰ ਨਵੇਂ ਸਿਰਿਓਂ ਸਹੇਜ ਕੇ 2014 ਵਿੱਚ ਦੁਬਾਰਾ ਰਿਲੀਜ਼ ਕੀਤਾ ਗਿਆ ਤੇ ਅੱਜ ਵੀ ਲੋਕ ਇਸ ‘ਸ਼ਾਹਕਾਰ’ ਫਿਲਮ ’ਚ ਨਵੇਂ ਅਰਥ ਤਲਾਸ਼ਦੇ ਹਨ।

ਆਜ਼ਾਦੀ ਤੋਂ ਬਾਅਦ ਦਾ 1948 ਦਾ ਭਾਰਤ, 1974 ਦੇ ਐਮਰਜੈਂਸੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਸੀ ਤੇ ਅੱਜ ਦਾ ਭਾਰਤ ਅੱਧੀ ਸਦੀ ਤੋਂ ਪਹਿਲਾਂ ਦੇ ਭਾਰਤ ਨਾਲੋਂ ਬਹੁਤ ਅਲੱਗ ਹੈ। ਪਰ ਫਿਲਮ ਦੀ ਕਲਾਤਮਕ ਸੁੰਦਰਤਾ ਤੇ ਪ੍ਰਸੰਗਕਤਾ ਫਿੱਕੀ ਨਹੀਂ ਪਈ ਕਿਉਂਕਿ ਸ਼ਾਇਦ ਫ਼ਿਰਕੂ ਸਦਭਾਵਨਾ, ਸਹਿਣਸ਼ੀਲਤਾ, ਸੁਲ੍ਹਾ ਤੇ ਸਮਾਜਿਕ ਬਰਾਬਰੀ ਨਾਲ ਜੁੜੇ ਸਵਾਲ ਅੱਜ ਵੀ ਕਾਫ਼ੀ ਢੁੱਕਵੇਂ ਹਨ। ‘ਗਰਮ ਹਵਾ’ ਚੁੱਪਚਾਪ ਸਾਨੂੰ ਆਪਣਾ ਆਪ ਪਰਖਣ ਲਈ ਕਹਿੰਦੀ ਹੈ। ਬਲਰਾਜ ਸਾਹਨੀ ਨੇ ਬਿਨਾਂ ਸ਼ੱਕ ਇਸ ਫਿਲਮ ’ਚ ਆਪਣੀ ਬਿਹਤਰੀਨ ਪੇਸ਼ਕਾਰੀ ਦਿੱਤੀ। ਉਹ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਫ਼ੌਤ ਹੋ ਗਿਆ ਸੀ। ਚੰਗੇ ਭਾਗਾਂ ਨੂੰ ਨਿਰਦੇਸ਼ਕ ਸਥਯੂ (93) ਹਾਲੇ ਸਾਡੇ ਨਾਲ ਹਨ। ਕੀ ਸਾਨੂੰ ਕੌਮੀ ਪੱਧਰ ’ਤੇ ਉਨ੍ਹਾਂ ਦਾ ਸਨਮਾਨ ਕਰਕੇ ‘ਗਰਮ ਹਵਾ’ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ ?

LEAVE A REPLY

Please enter your comment!
Please enter your name here