ਡਾ. ਦਰਸ਼ਨ ਸਿੰਘ ਆਸ਼ਟ

ਕਈ ਵਾਰੀ ਪਾਪਾ ਦਾ ਆਪਣੇ ਪੁੱਤਰ ਬੱਲੂ ਦੇ ਸੱਜੇ ਪੈਰ ਵੱਲ ਧਿਆਨ ਜਾਂਦਾ ਤਾਂ ਉਹ ਉਦਾਸ ਹੋ ਜਾਂਦਾ। ਸੋਚਦਾ ਪਤਾ ਨਹੀਂ ਰੱਬ ਨੇ ਉਹਦੇ ਮੁੰਡੇ ਦੀ ਕਿਸਮਤ ਵਿੱਚ ਹੀ ਏਦਾਂ ਕਿਉਂ ਲਿਖਿਆ ਸੀ?

ਬੱਲੂ ਦੀ ਮਾਂ ਸੋਚਦੀ, ਪਿਛਲੇ ਜਨਮ ਦਾ ਕੋਈ ਲੈਣ ਦੇਣ ਭੁਗਤ ਰਹੇ ਆਂ ਪਰ ਬੱਲੂ ਦੇ ਮਨ ਵਿੱਚ ਕਦੇ ਅਜਿਹਾ ਖ਼ਿਆਲ ਨਹੀਂ ਸੀ ਆਇਆ ਕਿ ਦੋ ਸਾਲ ਪਹਿਲਾਂ ਉਸ ਦਾ ਸੱਜਾ ਪੈਰ ਹਾਦਸੇ ਵਿੱਚ ਕੱਟਿਆ ਗਿਆ ਸੀ। ਉਸ ਨੂੰ ਰੈੱਡ ਕਰਾਸ ਵਾਲਿਆਂ ਨੇ ਡੁਪਲੀਕੇਟ ਪੈਰ ਬਣਵਾ ਕੇ ਦੇ ਦਿੱਤਾ ਸੀ। ਇਸ ਨਾਲ ਉਹ ਭਾਵੇਂ ਦੌੜ ਤਾਂ ਨਹੀਂ ਸੀ ਸਕਦਾ ਪਰ ਉਹ ਮਹਿਸੂਸ ਕਰਦਾ ਸੀ ਕਿ ਉਹ ਕਿਸੇ ਪੱਖੋਂ ਘੱਟ ਨਹੀਂ। ਹਾਂ ਜੇ ਉਸ ਨੂੰ ਕੋਈ ਚਿੰਤਾ ਸੀ ਤਾਂ ਇਹ ਕਿ ਉਸ ਦਾ ਪਿਤਾ ਉਸ ਨੂੰ ਤੜਕੇ ਜਗਾ ਕੇ ਸਬਜ਼ੀ ਮੰਡੀ ਲੈ ਜਾਂਦਾ ਸੀ ਤੇ ਫਿਰ ਪਿਓ-ਪੁੱਤਰ ਸਬਜ਼ੀ ਦੀ ਰੇਹੜੀ ਭਰ ਕੇ ਲੈ ਆਉਂਦੇ।

ਘਰ ਦੀ ਗੁਰਬਤ ਦੀ ਭੱਠੀ ਵਿੱਚ ਬੱਲੂ ਭੁੱਜ ਰਿਹਾ ਸੀ। ਉਸ ਦੇ ਮਨ ਵਿੱਚ ਇੱਕ ਨਹੀਂ ਅਨੇਕ ਸੁਫ਼ਨੇ ਸਨ। ਕਦੇ ਉਹ ਕੁਝ ਸੋਚਦਾ, ਕਦੇ ਕੁਝ। ਉਸ ਨੇ ਇੱਕ ਵਾਰੀ ਲਾਇਬ੍ਰੇਰੀ ਵਿੱਚ ਅਜਿਹੇ ਪੈਰ ਵਿਹੂਣੇ ਬੰਦੇ ਦੀ ਜੀਵਨ ਕਹਾਣੀ ਪੜ੍ਹੀ ਸੀ ਜਿਸ ਨੇ ਆਪਣੇ ਇਲਾਕੇ ਦੇ ਬਹੁਤ ਉੱਚੇ ਪਹਾੜ ’ਤੇ ਚੜ੍ਹ ਕੇ ਕੀਰਤੀਮਾਨ ਸਥਾਪਿਤ ਕੀਤਾ ਸੀ।

‘‘ਮੈਂ ਵੀ ਅਜਿਹਾ ਕਰ ਸਕਦਾ ਹਾਂ, ਪਰ ਮੇਰੇ ਇਲਾਕੇ ਵਿੱਚ ਤਾਂ ਕੋਈ ਪਹਾੜ ਈ ਨਹੀਂ।’’ ਉਹ ਸੋਚਦਾ।

‘‘ਕੋਈ ਗੱਲ ਨਹੀਂ ਜੇ ਕੋਈ ਪਹਾੜ ਨਹੀਂ ਤਾਂ ਕੀ ਕੋਈ ਹੋਰ ਉੱਚਾਈ ਨਹੀਂ ਹੈ ਜਿਸ ’ਤੇ ਚੜ੍ਹਿਆ ਜਾ ਸਕਦਾ ਹੋਵੇ?’’ ਉਸ ਦੇ ਮਨ ਦੇ ਦੂਜੇ ਕੋਨਿਓਂ ਆਵਾਜ਼ ਆਉਂਦੀ। ਇੰਨੇ ਨੂੰ ਪਾਪਾ ਦੀ ਆਵਾਜ਼ ਆਉਂਦੀ ਤੇ ਉਸ ਦਾ ਸੁਪਨਾ ਖੇਰੂੰ ਖੇਰੂੰ ਹੋ ਜਾਂਦਾ। ਬੱਲੂ ਨੇ ਪਾਪਾ ਦਾ ਆਖਾ ਕਦੇ ਨਹੀਂ ਸੀ ਮੋੜਿਆ।

ਪਿਛਲੇ ਕੁਝ ਦਿਨਾਂ ਤੋਂ ਬੱਲੂ ਦੇ ਚਿਹਰੇ ’ਤੇ ਕੁਝ ਉਦਾਸੀ ਰਹਿਣ ਲੱਗ ਪਈ ਸੀ। ਉਸ ਦੀ ਪ੍ਰੀਖਿਆ ਨੇੜੇ ਆ ਰਹੀ ਸੀ। ਉਹ ਸੋਚ ਰਿਹਾ ਸੀ ਕਿ ਜੇ ਉਹ ਫੇਲ੍ਹ ਹੋ ਗਿਆ ਤਾਂ ਆਪਣੇ ਦੋਸਤਾਂ ਨੂੰ ਕੀ ਮੂੰਹ ਦਿਖਾਵੇਗਾ?

ਬੱਲੂ ਨੂੰ ਫਿਰ ਪਾਪਾ ’ਤੇ ਗੁੱਸਾ ਆਉਣ ਲੱਗਦਾ, ‘‘ਸਵੇਰੇ ਸਵੇਰੇ ਹੀ ਜਗਾ ਦਿੰਦੇ ਨੇ। ਚੱਲ ਸਬਜ਼ੀ ਮੰਡੀ। ਭਲਾ ਕੋਈ ਪੁੱਛੇ ਕੀ ਆਪ ਨਹੀਂ ਲਿਆ ਸਕਦੇ? ਮੈਂ ਸਵੇਰੇ ਸਵੇਰੇ ਪੇਪਰਾਂ ਦੀ ਤਿਆਰੀ ਕਰਾਂ ਜਾਂ ਸਬਜ਼ੀ ਮੰਡੀ ਉਨ੍ਹਾਂ ਨਾਲ ਜਾ ਕੇ ਸਬਜ਼ੀ ਲੈਣ ਲਈ ਜਾਵਾਂ? ਕੀ ਸਾਰੇ ਰੇਹੜੀਆਂ ਵਾਲੇ ਆਪਣੇ ਮੁੰਡਿਆਂ ਨੂੰ ਨਾਲ ਲਿਜਾਂਦੇ ਨੇ? ਫਿਰ ਗਲੀ ਗਲੀ ਜਾ ਘੰਟਾ ਆਵਾਜ਼ਾਂ ਮਾਰਦਾ ਹਾਂ, ਆਲੂ ਲੈ ਲਓ, ਗੋਭੀ ਲੈ ਲਓ, ਪਿਆਜ਼ ਲੈ ਲਓ, ਗਾਜਰ…। ਜਾਂ ਮੈਨੂੰ ਸਕੂਲੋਂ ਈ ਹਟਾ ਲੈਣ ਜਾਂ ਸਬਜ਼ੀ ਈ ਵਿਕਵਾ ਲੈਣ? ਇਹ ਵੀ ਪਤੈ ਕਿ ਪੇਪਰਾਂ ਦੇ ਦਿਨ ਸਿਰ ’ਤੇ ਨੇ। ਮੇਰੇ ਦੋਸਤ ਸਵੇਰੇ ਉੱਠ ਕੇ ਦੋ-ਦੋ ਘੰਟੇ ਪੜ੍ਹਦੇ ਨੇ। ਪਰ ਮੈਂ..? ਜਦੋਂ ਸਕੂਲੋਂ ਆਉਂਦਾ ਹਾਂ ਤਾਂ ਝੱਟ ਪਿਤਾ ਜੀ ਦਾ ਮੰਮੀ ਕੋਲ ਫੋਨ ਆ ਜਾਂਦੈ, ‘ਬੱਲੂ ਨੂੰ ਛੇਤੀ ਭੇਜ। ਕੰਮ ਕਰਵਾਉਣੈ।’ ਪਤਾ ਨਹੀਂ ਕਿੰਨਾ ਵੱਡਾ ਘਾਟਾ ਪੈ ਜਾਵੇਗਾ ਜੇ ਮੈਂ ਨਹੀਂ ਜਾਵਾਂਗਾ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਂ ਅਗਲੇ ਦਿਨ ਦੇ ਪੇਪਰ ਦੀ ਵੀ ਤਿਆਰੀ ਕਰਨੀ ਹੁੰਦੀ ਐ?’’

ਬੱਲੂ ਦੇ ਮਨ ਵਿੱਚ ਫਿਰ ਬੋਲ ਉੱਭਰਨ ਲੱਗਦੇ, ‘‘ਆਲੂ ਲੈ ਲਓ, ਗੋਭੀ ਲੈ ਲਓ, ਪਿਆਜ ਲੈ ਲਓ, ਗਾਜਰ ਲੈ ਲਓ।’’ ਤੇ ਇਹ ਬੋਲ ਉੱਚੇ, ਹੋਰ ਉੱਚੇ ਹੁੰਦੇ ਜਾਂਦੇ। ਇਨ੍ਹਾਂ ਉੱਚੇ ਬੋਲਾਂ ਵਿੱਚ ਪਾਪਾ ਪ੍ਰਤੀ ਗੁੱਸੇ ਦੀ ਝਲਕ ਦਾ ਅਹਿਸਾਸ ਵੀ ਹੁੰਦੈ। ਬੱਲੂ ਨੂੰ ਸੁਫ਼ਨਾ ਵੀ ਇਸੇ ਤਰ੍ਹਾਂ ਦਾ ਈ ਆਉਂਦਾ। ਉਹ ਪਾਪਾ ’ਤੇ ਕਿਸੇ ਨਾ ਕਿਸੇ ਰੂਪ ਵਿੱਚ ਗੁੱਸਾ ਪ੍ਰਗਟਾ ਰਿਹਾ ਹੁੰਦਾ, ਕਦੇ ਭੁੱਖਾ ਸਕੂਲ ਜਾ ਕੇ ਤੇ ਕਦੇ ਉੱਚੀ ਬੋਲ ਕੇ। ਫਿਰ ਸੋਚਣ ਲੱਗ ਜਾਂਦਾ, ਮੇਰੇ ‘‘ਇਸ ਤਰ੍ਹਾਂ ਚੀਕਣ ਨਾਲ ਕੀ ਸਾਰੇ ਗਾਹਕ ਉਨ੍ਹਾਂ ਕੋਲ ਆ ਜਾਣਗੇ? ਜਿਸ ਗਾਹਕ ਨੇ ਕੋਈ ਸਬਜ਼ੀ ਖ਼ਰੀਦਣੀ ਹੋਵੇਗੀ, ਉਹ ਰੇਹੜੀ ’ਤੇ ਪਈ ਸਬਜ਼ੀ ਦੇਖ ਕੇ ਆਪੇ ਈ ਆ ਜਾਵੇਗਾ ਪਰ ਪਾਪਾ ਨੂੰ ਕੌਣ ਸਮਝਾਵੇ?’’

ਬੱਲੂ ਆਪਣੇ ਜਮਾਤੀਆਂ ਬਾਰੇ ਸੋਚਦਾ ਰਹਿੰਦਾ। ਭੜਕੀਆਂ ਭਾਵਨਾਵਾਂ ਜਦੋਂ ਸ਼ਾਂਤ ਹੋਣ ਲੱਗਦੀਆਂ ਤਾਂ ਉਹ ਸੋਚਣ ਲੱਗਦਾ, ‘‘ਪਾਪਾ ਦਾ ਵੀ ਕੀ ਕਸੂਰ ਐ? ਉਹ ਬਹੁਤਾ ਪੜ੍ਹੇ ਲਿਖੇ ਨਹੀਂ। ਇਸ ਲਈ ਪੜ੍ਹਾਈ ਦਾ ਕੋਈ ਮਹੱਤਵ ਨਹੀਂ ਸਮਝਦੇ।’’

ਉਂਜ ਤੇ ਬੱਲੂ ਨੂੰ ਆਪਣੇ ਪਾਪਾ ਬਹੁਤ ਚੰਗੇ ਲੱਗਦੇ ਸਨ ਪਰ ਰਾਤ ਵੇਲੇ ਬੁਰੇ ਲੱਗਣ ਲੱਗ ਜਾਂਦੇ ਜਦੋਂ ਉਹ ਘਰ ਆ ਕੇ ਡੱਬ ਵਿੱਚੋਂ ਅਧੀਆ ਕੱਢ ਲੈਂਦੇ।

ਬੱਲੂ ਸਵੇਰ ਵੇਲੇ ਸਬਜ਼ੀ ਵਾਲਾ ਕੰਮ ਨਿਪਟਾ ਕੇ ਸਕੂਲ ਜਾਣ ਲਈ ਫਟਾਫਟ ਤਿਆਰ ਹੁੰਦਾ। ਸਕੂਲ ਤੋਂ ਆਉਂਦਾ ਤਾਂ ਮੰਮੀ, ਪਾਪਾ ਦਾ ਖਾਣਾ ਬਣਾ ਕੇ ਦਿੰਦੀ। ਬੱਲੂ ਫੇਰ ਬਾਜ਼ਾਰ ਜਾ ਕੇ ਪਾਪਾ ਨੂੰ ਖਾਣਾ ਦੇਣ ਜਾਂਦਾ। ਉਹ ਦੁਪਹਿਰ ਤੱਕ ਗਲੀਆਂ ਵਿੱਚੋਂ ਸਬਜ਼ੀ ਵੇਚਦੇ ਹੋਏ ਆਚਾਰ ਬਾਜ਼ਾਰ ਵਾਲੇ ਚੌਕ ਵਿੱਚ ਆ ਖੜ੍ਹਦੇ ਸਨ ਜਿੱਥੇ ਬਚੀ ਹੋਈ ਸਬਜ਼ੀ ਆਥਣ ਤੱਕ ਵਿਕਦੀ ਰਹਿੰਦੀ। ਸਵੇਰ ਹੋਣ ਸਾਰ ਫਿਰ ਉਹੀ ਸਿਲਸਿਲਾ।

‘‘ਮੈਂ ਇਸ ਵਾਰ ਵੀ ਪਾਸ ਨਹੀਂ ਹੋ ਸਕਾਂਗਾ। ਜਦੋਂ ਮੈਂ ਪਿਛਲੇ ਸਾਲ ਫੇਲ੍ਹ ਹੋ ਗਿਆ ਸੀ ਤਾਂ ਪਾਪਾ ਨੇ ਮੈਨੂੰ ਝਿੜਕਿਆ ਸੀ ਪਰ ਇਸ ਵਿੱਚ ਮੇਰਾ ਕੀ ਕਸੂਰ ਸੀ? ਆਪਣੇ ਨਾਲ ਏਨਾ ਕੰਮ ਕਰਵਾਉਂਦੇ ਰਹਿੰਦੇ ਨੇ। ਪੜ੍ਹਨ ਲਈ ਸਮਾਂ ਵੀ ਤਾਂ ਚਾਹੀਦੈ। ਕੀ ਬਿਨਾਂ ਪੜ੍ਹੇ ਵਧੀਆ ਨੰਬਰ ਆ ਸਕਦੇ ਨੇ? ਮੈਂ ਫਿਰ ਫੇਲ੍ਹ ਹੋ ਜਾਵਾਂਗਾ।’’

‘‘ਕਿੱਥੇ ਗੁਆਚ ਗਿਐਂ ਉਏ, ਲਾ ਪੰਜ ਸੱਤ ’ਵਾਜ਼ਾਂ।’’ ਬੈਂਚ ਤੇ ਬੈਠੇ ਬੱਲੂ ਦੇ ਪਾਪਾ ਨੇ ਉਸ ਨੂੰ ਮੋਢੇ ਤੋਂ ਝੰਜੋੜਿਆ ਤਾਂ ਬੱਲੂ ਇਕਦਮ ਘਬਰਾ ਜਿਹਾ ਗਿਆ। ਆਵਾਜ਼ਾਂ ਮਾਰਨ ਲੱਗਾ, ‘‘ਆਲੂ ਲੈ ਲਓ, ਗੋਭੀ ਲੈ ਲਓ…।’’

ਆਪਣੇ ਵੱਲੋਂ ਬੱਲੂ ਨੇ ਤਾਂ ਚੰਗੀ ਮਿਹਨਤ ਕੀਤੀ ਸੀ, ਰਾਤ ਨੂੰ ਬਹਿ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਕਿਤਾਬਾਂ ਵੀ ਜਿਵੇਂ ਉਸ ਨਾਲ ਰੁੱਸਦੀਆਂ ਜਾ ਰਹੀਆਂ ਸਨ। ਪੜ੍ਹਦਿਆਂ ਪੜ੍ਹਦਿਆਂ ਛੇਤੀ ਹੀ ਉਸ ਦੀ ਅੱਖ ਲੱਗ ਜਾਂਦੀ। ਇੱਕ ਪਾਸੇ ਨੂੰ ਢੇਰੀ ਜਿਹਾ ਹੋ ਜਾਂਦਾ। ਨਤੀਜਾ ਆਇਆ। ਉਹੀ ਗੱਲ ਹੋਈ ਜਿਹਦਾ ਬੱਲੂ ਨੂੰ ਡਰ ਸੀ। ਉਹ ਫਿਰ ਫੇਲ੍ਹ ਹੋ ਗਿਆ। ਦੂਸਰੇ ਦੋਸਤ ਹੱਸਦੇ ਹੋਏ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਸਨ ਪਰ ਸਕੂਲ ਦੇ ਮੈਦਾਨ ਦੇ ਇੱਕ ਖੂੰਜੇ ’ਚ ਬੈਠਾ ਉਹ ਰੋ ਰਿਹਾ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਕਿਸੇ ਨੂੰ ਮੂੰਹ ਨਾ ਦਿਖਾਏ ਤੇ ਕਿਤੇ ਜਾ ਕੇ ਲੁਕ ਜਾਵੇ। ਰਾਤ ਹੋ ਗਈ ਸੀ ਪਰ ਬੱਲੂ ਘਰ ਨਾ ਆਇਆ। ਉਸ ਨੂੰ ਇੱਧਰ ਉੱਧਰ ਲੱਭਿਆ ਗਿਆ ਪਰ ਉਹ ਕਿਤੇ ਨਹੀਂ ਮਿਲਿਆ। ਗਲੀ ਮੁਹੱਲੇ ਵਿੱਚ ਰੌਲਾ ਪੈ ਗਿਆ। ਬੱਲੂ ਦੇ ਦੋਸਤਾਂ ਕੋਲੋਂ ਵੀ ਪਤਾ ਕੀਤਾ ਗਿਆ ਪਰ ਕੋਈ ਥਹੁ ਪਤਾ ਨਾ ਲੱਗਿਆ।

‘‘ਮੈਂ ਹੁਣ ਘਰ ਨਹੀਂ ਜਾਵਾਂਗਾ। ਦੂਜੀ ਵਾਰ ਫੇਲ੍ਹ ਹੋ ਗਿਆ ਹਾਂ। ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ।’’ ਪਿੰਡ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਬੈਠਾ ਬੱਲੂ ਇੱਧਰ ਉੱਧਰ ਤੱਕਦਾ ਹੋਇਆ ਸੋਚ ਰਿਹਾ ਸੀ। ਚਾਣਚੱਕ ਬੱਲੂ ਕੋਲ ਆ ਕੇ ਇੱਕ ਕਾਰ ਰੁਕੀ। ਬੱਲੂ ਠਠੰਬਰ ਗਿਆ।

‘‘ਓਏ ਬੱਚੇ, ਇਨੀ ਰਾਤ ਨੂੰ ਤੂੰ ਇਕੱਲਾ ਸੜਕ ਦੇ ਕਿਨਾਰੇ ਬੈਠਾ ਕੀ ਕਰ ਰਿਹੈਂ?’’ ਕਾਰ ਵਾਲੇ ਨੇ ਕਾਰ ’ਚੋਂ ਉਤਰ ਕੇ ਉਸ ਨੂੰ ਪੁੱਛਿਆ। ਬੱਲੂ ਚੁੱਪ ਰਿਹਾ।

ਬੱਲੂ ਦਾ ਚਿਹਰਾ ਤੱਕ ਕੇ ਕਾਰ ਵਾਲਾ ਭਾਈ ਕਹਿਣ ਲੱਗਾ, ‘‘ਮੈਨੂੰ ਪਤੈ ਤੂੰ ਨਾਰਾਜ਼ ਹੋ ਕੇ ਆਇਐਂ। ਸੱਚ ਸੱਚ ਦੱਸ ਕੀ ਗੱਲ ਐ ਬੇਟਾ?’’ ਕਾਰ ਵਾਲੇ ਭਾਈ ਨੂੰ ਇੰਨੇ ਪਿਆਰ ਨਾਲ ਬੋਲਦਾ ਵੇਖ ਬੱਲੂ ਨੂੰ ਸੱਚ ਬੋਲਣਾ ਈ ਪਿਆ।

ਸੱਚ ਜਾਣ ਕੇ ਕਾਰ ਵਾਲਾ ਭਾਈ ਹੱਸ ਪਿਆ। ਕਹਿਣ ਲੱਗਾ, ‘‘ਓਏ ਲੱਲੂ! ਮੈਂ ਤੈਨੂੰ ਦੱਸਾਂ ਕਿ ਮੈਂ ਵੀ ਅੱਠਵੀਂ ਵਿੱਚੋਂ ਦੋ ਵਾਰ ਫੇਲ੍ਹ ਹੋਇਆ ਸੀ ਪਰ ਮੈਂ ਘਰ ਛੱਡ ਕੇ ਨਹੀਂ ਭੱਜਿਆ। ਇਹ ਕਾਇਰਤਾ ਏ। ਜੀਵਨ ਵਿੱਚ ਆਈ ਕਿਸੇ ਮੁਸ਼ਕਿਲ ਤੋਂ ਘਬਰਾਉਣਾ ਹਾਰ ਮੰਨਣ ਵਾਲੀ ਗੱਲ ਹੁੰਦੀ ਏ। ਮੈਂ ਤੀਜੀ ਵਾਰ ਪੇਪਰ ਦਿੱਤੇ ਸਨ ਤੇ ਚੰਗੇ ਨੰਬਰ ਲੈ ਕੇ ਪਾਸ ਹੋਇਆ ਸਾਂ। ਹੁਣ ਮੈਂ ਇੱਕ ਦਫ਼ਤਰ ਵਿੱਚ ਨੌਕਰੀ ਕਰਦਾ ਹਾਂ। ਮੇਰੀ ਤਨਖਾਹ ਚਾਲੀ ਹਜ਼ਾਰ ਰੁਪਏ ਮਹੀਨਾ ਹੈ। ਮੇਰੀ ਮੰਨ ਦ੍ਰਿੜ੍ਹ ਨਿਸ਼ਚਾ ਰੱਖ। ਫਿਰ ਜੁਟ ਜਾ ਤੇ ਦੇਖ ਤੇਰਾ ਆਤਮ-ਵਿਸ਼ਵਾਸ ਕੀ ਰੰਗ ਲੈ ਕੇ ਆਉਂਦੈ? ਕਹੇਂ ਤਾਂ ਮੈਂ ਘਰ ਛੱਡ ਆਵਾਂ?’’

‘‘ਧੰਨਵਾਦ ਅੰਕਲ! ਤੁਸੀਂ ਮੇਰੀ ਚਿੰਤਾ ਹੀ ਦੂਰ ਕਰ ਦਿੱਤੀ ਏ। ਮੈਂ ਤਾਂ ਪਰੇਸ਼ਾਨ ਹੋ ਕੇ ਘਰ ਨਾ ਜਾਣ ਤੋਂ ਕਤਰਾ ਰਿਹਾ ਸੀ ਪਰ ਤੁਹਾਡੀਆਂ ਗੱਲਾਂ ਨੇ ਮੇਰੇ ਮਨ ਵਿੱਚ ਸ਼ਕਤੀ ਭਰ ਦਿੱਤੀ ਏ ਮੈਂ ਫਿਰ ਪੜ੍ਹਾਂਗਾ।’’ ਬੱਲੂ ਬੋਲਿਆ।

ਬੱਲੂ ਘਰ ਵਾਪਸ ਮੁੜਨ ਲੱਗਾ। ਰਾਹ ਵਿੱਚ ਉਸ ਨੂੰ ਦੂਰੋਂ ਦੋ ਆਦਮੀ ਆਉਂਦੇ ਵਿਖਾਈ ਦਿੱਤੇ। ਬੱਲੂ ਨੂੰ ਕੁਝ ਸ਼ੱਕ ਹੋਇਆ। ਦੋਵੇਂ ਆਦਮੀ ਜਾਣੇ

ਪਛਾਣੇ ਲੱਗ ਰਹੇ ਸਨ। ਕੋਲ ਆਏ ਤਾਂ ਬੱਲੂ ਨੇ ਉਨ੍ਹਾਂ ਨੂੰ ਪਛਾਣ ਲਿਆ। ਉਸ ਦੇ ਪਾਪਾ ਪੱਪੂ ਅੰਕਲ ਨਾਲ ਉਸ ਨੂੰ ਹੀ ਲੱਭਦੇ ਲੱਭਦੇ ਉੱਧਰ ਆ ਰਹੇ ਸਨ।

‘‘ਬੱਲੂ ਪੁੱਤਰ ਤੂੰ ਇੱਥੇ…ਅਸੀਂ ਤਾਂ ਤੈਨੂੰ ਦੁਪਹਿਰ ਦੇ ਲੱਭ ਰਹੇ ਹਾਂ। ਤੂੰ ਕਿੱਥੇ ਲੁਕ ਗਿਆ ਸੀ?’’ ਪਾਪਾ ਨੇ ਪੁੱਛਿਆ। ਬੱਲੂ ਆਪਣੀਆਂ ਅੱਖਾਂ ਪੂੰਝਣ ਲੱਗਾ। ਇਹ ਦੇਖ ਕੇ ਪਾਪਾ ਦਾ ਮਨ ਵੀ ਭਰ ਆਇਆ। ਕਹਿਣ ਲੱਗੇ, ‘‘ਬੱਲੂ ਕੀ ਹੋਇਆ ਜੇ ਤੂੰ ਦੁਬਾਰਾ ਫੇਲ੍ਹ ਹੋ ਗਿਐਂ। ਤੂੰ ਇਕੱਲਾ ਨਹੀਂ ਜੋ ਫੇਲ੍ਹ ਹੋਇਐਂ। ਦੁਨੀਆ ਵਿੱਚ ਹੋਰ ਬਹੁਤ ਸਾਰੇ ਬੱਚੇ ਫੇਲ੍ਹ ਹੋ ਜਾਂਦੇ ਨੇ। ਕੋਈ ਆਪਣੀ ਗ਼ਲਤੀ ਨਾਲ, ਕੋਈ ਕਿਸੇ ਮਜਬੂਰੀ ਕਾਰਨ। ਮੈਨੂੰ ਇਸ ਗੱਲ ਦਾ ਅਹਿਸਾਸ ਏ ਕਿ ਮੈਂ ਆਪਣੇ ਲਾਲਚ ਕਰਕੇ ਤੇਰੇ ਕੋਲੋਂ ਕੰਮ ਕਰਵਾਉਂਦਾ ਰਿਹਾ। ਇਹ ਮੇਰੀ ਭੁੱਲ ਸੀ। ਹੁਣ ਤੂੰ ਕੇਵਲ ਪੜ੍ਹੇਂਗਾ। ਮੈਂ ਜ਼ਿਆਦਾ ਰੁਪਈਏ ਕਮਾਉਣ ਲਈ ਅੱਗੇ ਤੋਂ ਤੇਰੇ ਬਚਪਨ ਦਾ ਸਹਾਰਾ ਨਹੀਂ ਲਵਾਂਗਾ।’’

ਇਹ ਸੁਣ ਕੇ ਬੱਲੂ ਬੋਲਿਆ, ‘‘ਪਾਪਾ ਮੈਨੂੰ ਵੀ ਇੱਕ ਅੰਕਲ ਨੇ ਅਜਿਹਾ ਹੀ ਕਿਹਾ ਸੀ ਕਿ ਜੇ ਜ਼ਿੰਦਗੀ ਵਿੱਚ ਹਾਰ ਮਿਲੇ ਤਾਂ ਕਦੇ ਘਬਰਾ ਕੇ ਗ਼ਲਤ ਕਦਮ ਨਹੀਂ ਚੁੱਕਣਾ ਚਾਹੀਦਾ। ਮੈਂ ਫਿਰ ਸਕੂਲ ਜਾਵਾਂਗਾ।’’

ਇਸ ਸਾਲ ਬੱਲੂ ਦੀ ਪ੍ਰੀਖਿਆ ਦਾ ਨਤੀਜਾ ਆਇਆ। ਜਦੋਂ ਉਸ ਨੂੰ ਆਪਣੀ ਜਮਾਤ ਵਿੱਚੋਂ ਤੀਜੇ ਨੰਬਰ ’ਤੇ ਆਉਣ ਦਾ ਪਤਾ ਲੱਗਾ ਤਾਂ ਉਸ ਦਾ ਦਿਲ ਕੀਤਾ ਕਿ ਉਹ ਜ਼ੋਰ ਨਾਲ ਚੀਕ ਚੀਕ ਕੇ ਦੁਨੀਆ ਨੂੰ ਦੱਸੇ ‘‘ਮੈਂ ਥਰਡ ਆਇਆ ਹਾਂ, ਮੈਂ ਥਰਡ ਆਇਆ ਹਾਂ। ਵੇਖੋ ਪਾਪਾ ਮੈਂ ਇੱਕ ਪੈਰ ਤੋਂ ਬਿਨਾਂ ਵੀ ਸਫਲਤਾ ਦੀ ਪਹਾੜੀ ’ਤੇ ਚੜ੍ਹ ਗਿਆ ਹਾਂ। ਵੇਖੋ ਪਾਪਾ…।’’

ਪਰ ਇਹ ਕੀ? ਉਹਦੇ ਮੂੰਹੋਂ ਜ਼ੋਰ ਨਾਲ ਜਿਹੜੇ ਸ਼ਬਦ ਨਿਕਲੇ ਉਹ ਸਨ, ‘‘ਆਲੂ ਲੈ ਲਓ, ਗੋਭੀ ਲੈ ਲਓ, ਪਿਆਜ਼ ਲੈ ਲਓ…।’’

‘‘ਉਏ ਕੀ ਹੋ ਗਿਆ ਕੰਜਰਾ, ਅੱਧੀ ਰਾਤ ਨੂੰ ਈ ’ਵਾਜ਼ਾਂ ਕੱਸਣ ਲੱਗ ਪਿਐਂ। ਸੌਂ ਜਾ। ਅਜੇ ਤਾਂ ਚਾਰ ਵੀ ਨੀਂ ਵੱਜੇ…।’’ ਬੱਲੂ ਦੇ ਕੰਨੀਂ ਪਾਪਾ ਦੇ ਗੁੱਸੇ ਵਾਲੇ ਬੋਲ ਪਏ। ਬੱਲੂ ਫਿਰ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਿਆ।

ਸੰਪਰਕ: 98144-23703

LEAVE A REPLY

Please enter your comment!
Please enter your name here