ਟੰਕਾਰਾ (ਗੁਜਰਾਤ), 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਕਦਰਾਂ-ਕੀਮਤਾਂ ’ਤੇ ਅਧਾਰਿਤ ਸਿੱਖਿਆ ਸਮੇਂ ਦੀ ਲੋੜ ਹੈ। ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜੈਅਤੀ ਮੌਕੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜਨਮ ਸਥਾਨ ਟੰਕਾਰਾ ਵਿੱਚ ਕਰਵਾਏ ਇੱਕ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਸਵਾਮੀ ਦਯਾਨੰਦ ਸਰਸਵਤੀ ਨੇ ਉਸ ਸਮੇਂ ਸਾਨੂੰ ਇਹ ਦਿਖਾਇਆ ਕਿ ਸਾਡੀ ਰੂੜ੍ਹੀਵਾਦੀ ਸੋਚ ਅਤੇ ਸਮਾਜਿਕ ਬੁਰਾਈਆਂ ਨੇ ਸਾਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ, ‘‘ਬ੍ਰਿਟਿਸ਼ ਸ਼ਾਸਕਾਂ ਨੇ ਹਿੰਦੂ ਸਮਾਜ ਦੀ ਰੂੜੀਵਾਦੀ ਸੋਚ ਅਤੇ ਸਮਾਜਿਕ ਬੁਰਾਈਆਂ ਕਾਰਨ ਸਾਡੇ ਸਮਾਜ ਦਾ ਖ਼ਰਾਬ ਅਕਸ ਦਿਖਾਉਣ ਦੀ ਕੋਸ਼ਿਸ਼ ਕੀਤੀ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਸਮਾਜ ਵਿੱਚ ਔਰਤਾਂ ਦੇ ਬਰਾਬਰੀ ਦੇ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ, ‘‘ਭਾਰਤੀ ਕਦਰਾਂ-ਕੀਮਤਾਂ ’ਤੇ ਅਧਾਰਿਤ ਸਿੱਖਿਆ ਵਿਵਸਥਾ ਸਮੇਂ ਦੀ ਲੋੜ ਹੈ। ਆਰੀਆ ਸਮਾਜ ਦੇ ਸਕੂਲ ਇਸ ਦਾ ਕੇਂਦਰ ਰਹੇ ਹਨ। ਦੇਸ਼ ਹੁਣ ਕੌਮੀ ਸਿੱਖਿਆ ਨੀਤੀ ਰਾਹੀਂ ਇਸ ਦਾ ਵਿਸਥਾਰ ਕਰ ਰਿਹਾ ਹੈ। ਇਨ੍ਹਾਂ ਯਤਨਾਂ ਨਾਲ ਸਮਾਜ ਨੂੰ ਜੋੜਨਾ ਸਾਡੀ ਜ਼ਿੰਮੇਵਾਰੀ ਹੈ।’’ ਮੋਦੀ ਨੇ ਕਿਹਾ ਕਿ ਜਿਸ ਸੂਬੇ ਵਿੱਚ ਸਵਾਮੀ ਦਯਾਨੰਦ ਸਰਸਵਤੀ ਦਾ ਜਨਮ ਹੋਇਆ ਸੀ, ਉਸ ਸੂਬੇ ਵਿੱਚ ਜਨਮ ਲੈਣਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ।

LEAVE A REPLY

Please enter your comment!
Please enter your name here