ਗੁਰਨਾਮ ਸਿੰਘ ਚੌਹਾਨ

ਪਾਤੜਾਂ, 20 ਫਰਵਰੀ

ਹਲਕਾ ਸ਼ੁਤਰਾਣਾ ਦੇ ਵੱਖ ਵੱਖ ਪਿੰਡਾਂ ਵਿੱਚ ਲੰਘੀ ਰਾਤ ਬਾਰਿਸ਼ ਤੇ ਗੜਿਆਂ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਪ੍ਰਭਾਵਿਤ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ ਕਿ ਉਹ ਗੜਿਆਂ ਨਾਲ ਹੋਏ ਨੁਕਸਾਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾ ਕੇ ਮੁਆਵਜ਼ੇ ਦੀ ਮੰਗ ਕਰਨਗੇ।

ਇਕ ਵਿਅਕਤੀ ਘਰ ’ਚ ਪਏ ਗੜੇ ਇਕੱਠੇ ਕਰਦਾ ਹੋਇਆ

ਪਿੰਡ ਬੂਟਾ ਸਿੰਘ ਨੰਬਰਦਾਰ ਅਤਾਲਾਂ, ਰਸ਼ਪਾਲ ਸਿੰਘ ਢੋਟ ਘੱਗਾ, ਜਗਸੀਰ ਸਿੰਘ ਧਾਲੀਵਾਲ, ਬਲਦੇਵ ਸਿੰਘ ਢੋਟ, ਹਰਵਿੰਦਰ ਸਿੰਘ, ਕੁਲਦੀਪ ਸਿੰਘ ਸਰਪੰਚ ਅਤਾਲਾਂ, ਭਗਵੰਤ ਸਿੰਘ ਮਿਸਤਰੀ ਤੇ ਬਲਬੀਰ ਸਿੰਘ ਆਦਿ ਨੇ ਦੱਸਿਆ ਕਿ ਲੰਘੀ ਰਾਤ ਹਰਿਆਊ, ਚੁਨਾਗਰਾ, ਪਾਤੜਾਂ, ਲਾਲਵਾ, ਅਤਾਲਾਂ, ਘੱਗਾ ਬੁਰੜ ਆਦਿ ਮੀਂਹ ਦੇ ਨਾਲ ਗੜੇ ਵੀ ਪਏ। ਗੜਿਆਂ ਦੀ ਤਕਰੀਬਨ ਤਿੰਨ ਤੋਂ ਚਾਰ ਇੰਚ ਮੋਟੀ ਤਹਿ ਧਰਤੀ ’ਤੇ ਜੰਮ ਗਈ ਸੀ ਜਿਸ ਨਾਲ ਖੇਤਾਂ ਵਿੱਚ ਬੀਜੀਆਂ ਫ਼ਸਲਾਂ ਸਰ੍ਹੋਂ, ਹਰਾ ਚਾਰਾ, ਮਟਰ ਟਮਾਟਰ ਆਦਿ ਤੋਂ ਇਲਾਵਾ ਗਰਮੀ ਰੁੱਤ ਲਈ ਬੀਜੀਆਂ ਅਗੇਤੀਆਂ ਸਬਜ਼ੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਗੜਿਆਂ ਕਾਰਨ ਅਗੇਤੀਆਂ ਨਿੱਸਰੀਆਂ ਕਣਕਾਂ ਦੇ ਸਿੱਟੇ ਟੁੱਟਣ ਮਗਰੋਂ ਤੇਜ਼ ਹਵਾਵਾਂ ਨੇ ਕਣਕਾਂ ਧਰਤੀ ’ਤੇ ਵਿਛਾ ਦਿੱਤੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।

ਵਿਧਾਇਕ ਸ਼ੁਤਰਾਣਾ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਹ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਹੋਇਆ ਨੁਕਸਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧਿਆਨ ਵਿੱਚ ਲਿਆ ਕੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਹੈ ਕਿ ਮਾਲ ਵਿਭਾਗ ਪਾਤੜਾਂ ਦੇ ਅਧਿਕਾਰੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਰਨ ਲਈ ਆਖ ਦਿੱਤਾ ਹੈ ਰਿਪੋਰਟ ਆਉਣ ’ਤੇ ਮੁੱਖ ਮੰਤਰੀ ਨੂੰ ਪੇਸ਼ ਕੀਤੀ ਜਾਵੇਗੀ।

LEAVE A REPLY

Please enter your comment!
Please enter your name here