ਜਗਜੀਤ ਸਿੰਘ

ਮੁਕੇਰੀਆਂ, 13 ਮਾਰਚ

ਗੜ੍ਹਦੀਵਾਲਾ ਦੇ ਨੇੜਲੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਨੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਥਿਤ ਕਤਲ ਕਰ ਦਿੱਤਾ। ਗੜਦੀਵਾਲਾ ਪੁਲੀਸ ਨੇ ਮ੍ਰਿਤਕ ਦੀ ਦਾਦੀ ਦੇ ਬਿਆਨ ਉਤੇ ਕੇਸ ਦਰਜ ਕਰ ਲਿਆ ਹੈ। ਕਤਲ ਦਾ ਕਾਰਨ ਕਰੀਬ ਮਹੀਨਾ ਪਹਿਲਾਂ ਵੇਚੀ ਜ਼ਮੀਨ ਦੇ ਪੈਸਿਆਂ ਦੀ ਵੰਡ ਨੂੰ ਦੱਸਿਆ ਜਾ ਰਿਹਾ ਹੈ। ਕਤਲ ਮਗਰੋਂ ਮੁਲਜ਼ਮ ਨੇ ਮਾਮਲੇ ਨੂੰ ਲੁਕਾਉਣ ਲਈ ਪਿੰਡ ਦੇ ਸਰਪੰਚ ਨੂੰ ਫ਼ੋਨ ਕਰ ਕੇ ਆਪਣੇ ਘਰ ਹਮਲਾ ਹੋਣ ਦੀ ਸੂਚਨਾ ਦਿੱਤੀ, ਜੋ ਪੁਲੀਸ ਦੀ ਜਾਂਚ ਉਪਰੰਤ ਝੂਠੀ ਨਿਕਲੀ। ਮਨਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਦੋਵੇਂ ਸਕੇ ਭਰਾ ਸਨ। ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ। ਦੋਹਾਂ ਨੂੰ ਦਾਦੀ ਨੇ ਪਾਲਿਆ ਸੀ। ਦਾਦੀ ਅਨੁਸਾਰ ਦੋਹਾਂ ਭਰਾਵਾਂ ਵਿਚਕਾਰ ਵੇਚੀ ਜ਼ਮੀਨ ਦੇ ਪੈਸਿਆਂ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਬੀਤੀ ਦੇਰ ਰਾਤ ਛੋਟੇ ਭਰਾ ਮਨਪ੍ਰੀਤ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਵੱਡੇ ਭਰਾ ਮਨਜੋਤ ਸਿੰਘ ਦਾ ਕਥਿਤ ਕਤਲ ਕਰ ਦਿੱਤਾ ਗਿਆ। ਇਸ ਉਪਰੰਤ ਕਥਿਤ ਦੋਸ਼ੀ ਵੱਲੋਂ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ‘ਤੇ ਆਪਣੇ ਘਰੇ ਹਮਲਾ ਹੋਣ ਦੀ ਸੂਚਨਾ ਦਿੱਤੀ ਗਈ ਸੀ। ਸਰਪੰਚ ਵੱਲੋਂ ਗੜ੍ਹਦੀਵਾਲਾ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਸਰਪੰਚ ਨਾਲ ਮੌਕੇ ‘ਤੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸਨ। ਪੁਲੀਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਗਿਆ ਸੀ। ਐੱਸਐੱਚਓ ਗੜਦੀਵਾਲਾ ਹਰਦੇਵ ਪ੍ਰੀਤ ਸਿੰਘ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਡੀਐੱਸਪੀ ਹਰਜੀਤ ਸਿੰਘ ਰੰਧਾਵਾ ਵੀ ਮੌਕੇ ‘ਤੇ ਪਹੁੰਚੇ। ਮ੍ਰਿਤਕ ਨੌਜਵਾਨ ਦੀ ਦਾਦੀ ਦੇ ਬਿਆਨਾਂ ’ਤੇ ਛੋਟੇ ਭਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here