ਜਵਾਲਾ ਜਿੰਦਲ*/ਰਾਕੇਸ਼ ਕੁਮਾਰ ਸ਼ਰਮਾ**

ਮੱਕੀ ਇਕ ਬਹੁ-ਪੱਖੀ ਫ਼ਸਲ ਹੈ ਜੋ ਕਿ ਵੱਖੋ-ਵੱਖਰੇ ਖੇਤੀ-ਮੌਸਮ ਹਾਲਤਾਂ ਵਿੱਚ ਵਿਆਪਕ ਅਨੁਕੂਲਤਾ ਅਨੁਸਾਰ ਕਾਸ਼ਤ ਕੀਤੀ ਜਾ ਸਕਦੀ ਹੈ। ਵਿਸ਼ਵ ਪੱਧਰ ’ਤੇ ਮੱਕੀ ਇੱਕ ਮਹੱਤਵਪੂਰਨ ਫ਼ਸਲ ਹੈ ਅਤੇ ਇਸ ਨੂੰ ਸਿਰਫ਼ ਅਨਾਜ ਦੇ ਤੌਰ ’ਤੇ ਹੀ ਨਹੀਂ ਵਰਤਿਆ ਜਾਂਦਾ ਸਗੋਂ ਪਸ਼ੂਆਂ ਦੇ ਚਾਰੇ ਅਤੇ ਪੋਲਟਰੀ ਲਈ ਫੀਡ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਪੰਜਾਬ ਵਿੱਚ ਕਣਕ ਅਤੇ ਝੋਨੇ ਤੋਂ ਬਾਅਦ ਇਹ ਤੀਜੀ ਸਭ ਤੋਂ ਮਹੱਤਵਪੂਰਨ ਫ਼ਸਲ ਹੈ। ਬਹਾਰ ਰੁੱਤ ਵਿੱਚ ਮੱਕੀ ਦੀ ਕਾਸ਼ਤ ਪਿਛਲੇ ਕੁਝ ਸਮੇਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਰੋਪੜ ਅਤੇ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿੱਚ ਕਾਫ਼ੀ ਪ੍ਰਚੱਲਿਤ ਹੈ। ਬਹਾਰ ਰੁੱਤ ਮੱਕੀ ਉੱਤੇ ਵੱਖ-ਵੱਖ ਸਮੇਂ ’ਤੇ ਕਈ ਤਰ੍ਹਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਹਮਲਾ ਕਰਦੇ ਹਨ ਜਿਸ ਕਰ ਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ। ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ ਕਰ ਕੇ ਮੱਕੀ ਦਾ ਝਾੜ ਅਤੇ ਗੁਣਵੱਤਾ ਵਧਾ ਸਕਦੇ ਹਾਂ। ਇਸ ਕਰ ਕੇ ਇਸ ਲੇਖ ਵਿੱਚ ਮੱਕੀ ’ਤੇ ਆਉਣ ਵਾਲੇ ਕੀੜੇ-ਮਕੌੜਿਆਂ ਬਾਰੇ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਕੀੜੇ-ਮਕੌੜੇ:

ਮੱਕੀ ਦੀ ਸ਼ਾਖ ਦੀ ਮੱਖੀ: ਇਹ ਬਹਾਰ ਰੁੱਤ ਦੀ ਮੱਕੀ ਦਾ ਬਹੁਤ ਨੁਕਸਾਨ ਕਰਦੀ ਹੈ। ਇਹ ਮੱਖੀ ਬਹੁਤ ਛੋਟੀ ਉਮਰ (3-7 ਦਿਨ) ਦੇ ਬੂਟਿਆਂ ’ਤੇ ਹਮਲਾ ਕਰਦੀ ਹੈ, ਜਿਸ ਨਾਲ ਬੂਟੇ ਬੇ-ਢਵੇ ਅਤੇ ਝੁਰੜ-ਮੁਰੜ ਜਿਹੇ ਹੋ ਜਾਂਦੇ ਹਨ। ਪੱਤਿਆਂ ’ਤੇ ਮੋਰੀਆਂ ਹੋ ਜਾਂਦੀਆਂ ਹਨ ਅਤੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ। ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਪ੍ਰਤੀ ਕਿਲੋ ਬੀਜ ਨੂੰ 6 ਮਿਲੀਲਿਟਰ ਗਾਚੋ 600 ਐਫਐਸ (ਇਮਿਡਾਕਲੋਪਰਿਡ) ਦੇ ਹਿਸਾਬ ਨਾਲ ਸੋਧ ਲਓ ਅਤੇ ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ-ਅੰਦਰ ਬੀਜ ਦਿਉ। ਜੇ ਬੀਜ ਦੀ ਸੋਧ ਨਾ ਹੋ ਸਕੇ ਤਾਂ 5 ਕਿਲੋ ਫਿਊਰਾਡਨ 3 ਜੀ (ਕਾਰਬੋਫਿਊਰਾਨ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਸਿਆੜਾਂ ਵਿੱਚ ਪਾਉ।

ਸੈਨਿਕ ਸੁੰਡੀ ਤੇ ਛੱਲੀਆਂ ਦਾ ਸੂਤਕੁਤਰੂ: ਸੈਨਿਕ ਸੁੰਡੀ ਗੋਭ ਦੇ ਨਰਮ ਪੱਤੇ ਖਾਂਦਾ ਹੈ ਜਾਂ ਸਾਰਾ ਪੱਤਾ ਵਿਚਕਾਰਲੀ ਨਾੜ ਸਣੇ ਹੀ ਖਾ ਜਾਂਦਾ ਹੈ। ਗੋਭ ਦੇ ਪੱਤੇ ਉੱਪਰ ਪਈਆਂ ਛੋਟੀਆਂ-ਛੋਟੀਆਂ ਵਿੱਠਾਂ ਤੋਂ ਇਸ ਕੀੜੇ ਦੀ ਹੋਂਦ ਦਾ ਪਤਾ ਲਗਦਾ ਹੈ। ਇਸ ਦਾ ਹਮਲਾ ਮਾਰਚ ਵਿੱਚ ਖੇਤ ਦੀਆਂ ਬਾਹਰਲੀਆਂ ਕਤਾਰਾਂ, ਜੋ ਕਿ ਕਣਕ ਦੇ ਖੇਤਾਂ ਨਾਲ ਲੱਗਦੀਆਂ ਹੋਣ, ਉੱਤੇ ਵਧੇਰੇ ਹੁੰਦਾ ਹੈ। ਸੂਤ ਕੁਤਰਨ ਵਾਲੀ ਸੁੰਡੀ ਛੱਲੀ ਦੇ ਵਾਲਾਂ ਨੂੰ ਖਾਂਦੀ ਹੈ ਅਤੇ ਬਾਅਦ ਵਿੱਚ ਕਈ ਵਾਰ ਛੱਲੀਆਂ ਅੰਦਰ ਪੱਕ ਰਹੇ ਕੁਝ ਦਾਣਿਆਂ ਦਾ ਨੁਕਸਾਨ ਕਰ ਸਕਦੀ ਹੈ। ਸਮੇਂ ਸਿਰ ਬੀਜੀ ਬਹਾਰ ਰੁੱਤ ਦੀ ਫ਼ਸਲ ’ਤੇ ਇਸ ਦਾ ਹਮਲਾ ਘੱਟ ਹੁੰਦਾ ਹੈ। ਹਮਲਾ ਦਿਖਾਈ ਦੇਣ ਤੇ ਸੁੰਡੀਆਂ ਨੂੰ ਇਕੱਠੇ ਕਰ ਕੇ ਨਸ਼ਟ ਕਰ ਦਿਉ।

ਫ਼ਾਲ ਆਰਮੀਵਰਮ: ਇਹ ਕੀੜਾ ਆਮ ਤੌਰ ’ਤੇ ਸਾਉਣੀ ਰੁੱਤ ਦੀ ਮੱਕੀ ’ਤੇ ਜ਼ਿਆਦਾ ਨੁਕਸਾਨ ਕਰਦਾ ਹੈ ਪਰ ਪਛੇਤੀ ਬੀਜੀ ਬਹਾਰ ਰੁੱਤ ਦੀ ਫ਼ਸਲ ’ਤੇ ਵੀ ਇਸ ਦਾ ਹਮਲਾ ਦਿਖਾਈ ਦਿੰਦਾ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਸੁੰਡੀਆਂ ਗੋਭ ਨੂੰ ਲਗਪਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ।

ਇਸ ਦੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਨਾਉ:

• ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਸ਼ਿਫਾਰਸ਼ 15 ਫਰਵਰੀ ਤੱਕ ਹੀ ਕਰੋ।

• ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟਾਇਆ ਜਾ ਸਕੇ।

• ਕੀੜੇ ਦਾ ਹਮਲਾ ਹੋਣ ’ਤੇ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ*) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕੇ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ। ਜੇ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਨ (ਲਗਪਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਨ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 5 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਜੇ ਮੱਕੀ ਦੀ ਵਰਤੋਂ ਆਚਾਰ ਬਣਾਉਣ ਲਈ ਕਰਨੀ ਹੈ ਤਾਂ ਕੀਟਨਾਸ਼ਕ ਦੇ ਛਿੜਕਾਅ ਉਪਰੰਤ ਘੱਟੋ-ਘੱਟ 21 ਦਿਨ ਦਾ ਵਕਫ਼ਾ ਜ਼ਰੂਰ ਰੱਖੋ।

*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ।

**ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ, ਹੁਸ਼ਿਆਰਪੁਰ।

LEAVE A REPLY

Please enter your comment!
Please enter your name here