ਨਵੀਂ ਦਿੱਲੀ, 30 ਮਾਰਚ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਸਮਾਰੋਹ ਦੌਰਾਨ ਸਾਬਕਾ ਪ੍ਰਧਾਨ ਮੰਤਰੀਆਂ ਪੀਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ, ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਅਤੇ ਬਿਹਾਰ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦਿੱਤਾ ਗਿਆ। ਇਨ੍ਹਾਂ ਮਰਹੂਮ ਹਸਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਪੁਰਸਕਰ ਪ੍ਰਾਪਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਪੁੱਤਰ ਪੀਵੀ ਪ੍ਰਭਾਕਰ ਰਾਓ ਨੇ ਇਹ ਪੁਰਸਕਾਰ ਸਵੀਕਾਰ ਕੀਤਾ। ਚੌਧਰੀ ਚਰਨ ਸਿੰਘ ਲਈ ਉਨ੍ਹਾਂ ਦੇ ਪੋਤਰੇ ਤੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜੈਅੰਤ ਚੌਧਰੀ ਨੇ ਸਨਮਾਨ ਹਾਸਲ ਕੀਤਾ। ਸਵਾਮੀਨਾਥਨ ਦੀ ਧੀ ਨਿਤਿਆ ਰਾਓ ਅਤੇ ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਨੇ ਰਾਸ਼ਟਰਪਤੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕੀਤਾ। ਇਸ ਸਮਾਰੋਹ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪੀ ਵੀ ਨਰਸਿਮਹਾ ਰਾਓ 1991 ਤੋਂ 1996 ਤੱਕ ਦੇਸ਼ ਦੇ ਪ੍ਰਧਾਨ ਰਹੇ ਹਨ। ਮਰਹੂਮ ਚੌਧਰੀ ਚਰਨ ਸਿੰਘ ਪੱਛਮੀ ਯੂਪੀ ਤੋਂ ਜਾਟ ਆਗੂ ਸਨ ਅਤੇ ਉਹ 28 ਜੁਲਾਈ 1979 ਅਤੇ 14 ਜਨਵਰੀ 1980 ਤੱਕ ਪ੍ਰਧਾਨ ਮੰਤਰੀ ਰਹੇ ਹਨ। ਐੱਮਐੱਸ ਸਵਾਮੀਨਾਥਨ ਖੇਤੀ ਵਿਗਿਆਨੀ ਸਨ ਜਿਨ੍ਹਾਂ ਨੇ ਭਾਰਤ ਨੂੰ ਅਨਾਜ ਪੈਦਾਵਾਰ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। -ਪੀਟੀਆਈ

ਮੋਦੀ ਵੱਲੋਂ ‘ਭਾਰਤ ਰਤਨ’ ਪ੍ਰਾਪਤ ਹਸਤੀਆਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ‘ਭਾਰਤ ਰਤਨ’ ਨਾਲ ਸਨਮਾਨਿਤ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਾਬਕਾ ਪ੍ਰਧਾਨ ਮੰਤਰੀਆਂ ਪੀ ਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਤੋਂ ਇਲਾਵਾ ਹੋਰ ਮਹਾਨ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਨੇਤਾ ਐੱਲ ਕੇ ਅਡਵਾਨੀ ਹੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਜਿਊਂਦੇ ਜੀਅ ਦੇਸ਼ ਦਾ ਸਰਵਉੱਚ ਸਨਮਾਨ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here