ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 24 ਮਾਰਚ

ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਆਪਸੀ ਭਾਈਚਾਰੇ ਦੀ ਖ਼ੂਬਸੂਰਤ ਮਿਸਾਲ ਦੇਖਣ ਨੂੰ ਮਿਲੀ ਜਦੋਂ ਸਿੱਖਾਂ ਤੇ ਮੁਸਲਮਾਨਾਂ ਨੇ ਮਿਲ ਕੇ ਰੋਜ਼ੇਦਾਰਾਂ ਦੇ ਰੋਜ਼ੇ ਖੁਲ੍ਹਵਾਏ। ਲੰਘੀ ਸ਼ਾਮ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਸਥਾਨਕ ਵੱਡੀ ਈਦਗਾਹ ’ਚ ਸਰਵ ਧਰਮ ਰੋਜ਼ਾ ਇਫ਼ਤਾਰ ਪਾਰਟੀ ਕੀਤੀ ਗਈ ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਫ਼ਤਾਰ ਪਾਰਟੀ ’ਚ ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਮੁਹੰਮਦ ਉਵਾਇਸ, ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫ਼ਤੀ ਏ ਆਜ਼ਮ ਪੰਜਾਬ), ਭਾਈ ਮਨਪ੍ਰੀਤ ਅਲੀਪੁਰ ਖ਼ਾਲਸਾ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਮੁਹੰਮਦ ਅਨਵਰ ਭਸੌੜ, ਗਾਇਕ ਸਤਨਾਮ ਪੰਜਾਬ, ਅਬਦੁਲ ਲਤੀਫ ਪੱਪੂ (ਆੜ੍ਹਤੀਆ), ਮੁਹੰਮਦ ਯੂਨਿਸ ਆਦਿ ਨੇ ਸ਼ਿਰਕਤ ਕੀਤੀ।

ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਫ਼ਤਾਰ ਪਾਰਟੀ ’ਚ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦੀ ਬੇਨਤੀ ’ਤੇ ਤਸ਼ਰੀਫ ਲਿਆਂਦੀ। ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਨੇ ਰੋਜ਼ੇ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਹੈ। ਜਨਾਬ ਮੁਹੰਮਦ ਉਵਾਇਸ ਤੇ ਭਾਈ ਮਨਪ੍ਰੀਤ ਅਲੀਪੁਰ ਖ਼ਾਲਸਾ ਨੇ ਕਿਹਾ ਕਿ ਮਾਲੇਰਕੋਟਲਾ ਦੇ ਹਿੰਦੂ, ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਤਿਉਹਾਰ ਮੌਕੇ ਆਪਸੀ ਪਿਆਰ ਅਤੇ ਸਦਭਾਵਨਾ ਦੀ ਹਰ ਵਾਰ ਮਿਸਾਲ ਬਣ ਰਹੇ ਹਨ। ਇਫ਼ਤਾਰ ਪਾਰਟੀ ’ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਚਹਿਲ, ਡਾ. ਮੁਹੰਮਦ ਸ਼ਬੀਰ, ਡਾ. ਜਗਦੀਸ਼ ਸਿੰਘ ਐੱਸਐੱਮਓ, ਡਾ. ਸੌਰਭ ਕਪੂਰ, ਸਾਬਕਾ ਚੇਅਰਮੈਨ ਐਡਵੋਕੇਟ ਮੁਹੰਮਦ ਸ਼ਮਸ਼ਾਦ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਸ਼ਹਿਬਾਜ਼ ਰਾਣਾ, ਮੁਕੱਰਮ ਸੈਫੀ, ਅਜ਼ਹਰ ਮੁਨੀਮ, ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ) ਕੌਂਸਲ ਪੰਜਾਬ ਦੇ ਉਪ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here