ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 19 ਫਰਵਰੀ

ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸ਼ੰਭੂ ਬਾਰਡਰ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਦੇ ਹੱਕ ’ਚ ਅੱਜ ਤੀਸਰੇ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਪਰਚੀ ਮੁਕਤ ਕਰਵਾਈ ਰੱਖਿਆ। ਤਿੰਨ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਲਾਡੋਵਾਲ ਟੌਲ ਪਲਾਜ਼ਾ ’ਤੇ ਪੱਕਾ ਮੋਰਚਾ ਲਾਈ ਬੈਠੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਰੋਜ਼ ਇੱਥੋਂ 70 ਲੱਖ ਰੁਪਏ ਦੀ ਟੌਲ ਫੀਸ ਕੱਟੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਅਗਲੇ ਤਿੰਨ ਦਿਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੇ ਸਾਰੇ ਟੌਲ ਪਲਾਜ਼ੇ ਪਰਚੀ ਮੁਕਤ ਕਰਵਾਏ ਜਾਣਗੇ।

ਟੌਲ ਪਲਾਜ਼ਾ ’ਤੇ ਤਿੰਨ ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਗਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੌਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਾਜਪਾ ਹਾਈਕਮਾਂਡ ਦੀ ਸ਼ਹਿ ’ਤੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਨਾਲ ਧੱਕੇਸ਼ਾਹੀ ਹੁਣ ਤੱਕ ਜਾਰੀ ਰੱਖੀ ਹੋਈ ਹੈ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੁਰਾਣੀਆਂ ਹਨ, ਪਰ ਕੇਂਦਰ ਸਰਕਾਰ ਵੱਲੋਂ ਫਿਰ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਕੇਂਦਰ ਸਰਕਾਰ ਟਾਲ ਮਟੋਲ ਵਾਲਾ ਰਸਤਾ ਅਪਣਾ ਰਹੀ ਹੈ। ਕੇਂਦਰ ਇੱਕ ਪਾਸੇ ਪੰਜ ਸਾਲ ਲਈ ਐੱਮਐੱਸਪੀ ਦੀ ਗਾਰੰਟੀ ਦੀ ਗੱਲ ਕਰ ਰਹੀ ਹੈ, ਪਰ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਇਹ ਸਹੀ ਹੈ ਤਾਂ ਪੰਜ ਸਾਲ ਦਾ ਪ੍ਰਸਤਾਵ ਕਿਉਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਉਹ ਸਰਕਾਰ ਦੀਆਂ ਗੱਲਾਂ ’ਚ ਨਹੀਂ ਆਉਣਗੇ, ਸਗੋਂ ਆਪਣੀਆਂ ਮੰਗਾਂ ਮਨਵਾ ਕੇ ਹੀ ਮੰਨਣਗੇ। ਕਿਸਾਨਾਂ ਨੇ ਕਿਹਾ, ‘‘ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਫਿਰਕਾਪ੍ਰਸਤ ਤੇ ਭੜਕਾਊ ਬਿਆਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਜ਼ਰੂਰਤ ਹੈ। ਸੰਘਰਸ਼ ਨੂੰ ਮੰਗਾਂ ਦੀ ਪ੍ਰਾਪਤੀ ਤੱਕ ਮਗਰੋਂ ਹੀ ਖ਼ਤਮ ਕੀਤਾ ਜਾਵੇਗਾ, ਇਸ ਲਈ ਉਹ ਹਰ ਸੰਘਰਸ਼ ਲਈ ਤਿਆਰ ਹਨ। ਅਗਲੇ ਤਿੰਨ ਦਿਨ ਇਸ ਟੌਲ ਪਲਾਜ਼ਾ ’ਤੇ ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਜਥੇਬੰਦੀਆਂ ਮੋਰਚਾ ਸੰਭਾਲਣਗੀਆਂ। 20, 21 ਤੇ 22 ਫਰਵਰੀ ਨੂੰ ਇਹ ਟੌਲ ਪਲਾਜ਼ੇ ਪਰਚੀ ਮੁਕਤ ਰੱਖੇ ਜਾਣਗੇ।

ਕੰਪਨੀ ਨੂੰ ਰੋਜ਼ਾਨਾ ਪੈ ਰਿਹੈ 70 ਲੱਖ ਦਾ ਘਾਟਾ

ਇਹ ਟੌਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ। ਇਸ ਨੂੰ ਪਰਚੀ ਮੁਕਤ ਕਰਨ ਨਾਲ ਕੰਪਨੀ ਨੂੰ ਹਰ ਰੋਜ਼ ਦਾ 70 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ। ਟੌਲ ਪਲਾਜ਼ਾ ਤਿੰਨ ਦਿਨ ਤੋਂ ਬੰਦ ਹੈ ਤੇ ਤਿੰਨ ਦਿਨ ਹੋਰ ਬੰਦ ਰੱਖਿਆ ਜਾਏਗਾ।

LEAVE A REPLY

Please enter your comment!
Please enter your name here