ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 16 ਫਰਵਰੀ

‘‘ਕਿਸਾਨਾਂ ਸਮੇਤ ਜੇਕਰ ਕਿਸੇ ਵੀ ਵਰਗ ਤੇ ਸੱਤਾਧਾਰੀ ਧਿਰਾਂ ਅਣ-ਮਨੁੱਖੀ ਜਬਰ ਕਰਦੀਆਂ ਹਨ, ਅਜਿਹੇ ਸਮੇਂ ਦੇਸ਼ ਦੇ ਹਰ ਵਰਗ ਨੂੰ ਆਪਸੀ ਮੱਤਭੇਦਾਂ ਤੋਂ ਉਪਰ ਉੱਠ ਕੇ ਵਿਰੋਧ ਕਰਨਾ ਚਾਹੀਦਾ ਹੈ,ਤਾਂ ਜੋ ਲੋਕਤੰਤਰ ਪ੍ਰਣਾਲੀ ਰਾਹੀਂ ਚੁਣੀਆਂ ਸਰਕਾਰਾਂ ਸੁਚੇਤ ਰਹਿਣ।’’ ਇਹ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਤੇਜ ਸਿੰਘ ਗਿੱਲ ਨੇ ਐਸੋਸੀਏਸ਼ਨ ਦੀ ਅੱਜ ਦੇ ਬੰਦ ਦੀ ਕਿਸਾਨਾਂ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਰੱਖੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਆਪਣੇ ਹੱਕਾਂ ਦੀ ਲੜਾਈ ਲੜਨੀ ਦੇਸ਼ ਦੇ ਹਰ ਖਿੱਤੇ ਦਾ ਜਨਮ ਸਿੱਧ ਅਧਿਕਾਰ ਹੈ, ਜਿਸ ਨੂੰ ਕੋਈ ਸਰਕਾਰ ਭਾਵੇਂ ਕਿੰਨੀ ਵੀ ਤਾਕਤਵਰ ਹੋਵੇ ਖੋਹ ਨਹੀਂ ਸਕਦੀ। ਉਨ੍ਹਾਂ ਆਖਿਆ ਕਿ ਸੱਤਾਧਾਰੀ ਲੋਕਾਂ ਨੂੰ ਤਾਕਤ ਵਿਖਾਉਣ ਦੀ ਥਾਂ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਵਫਾ ਕਰਨੇ ਚਾਹੀਦੇ ਹਨ। ਦੂਸਰੇ ਮਾਮਲੇ ਲੁਧਿਆਣੇ ਦੇ ਵਕੀਲ ਸੁਖਮੀਤ ਸਿੰਘ ਭਾਟੀਆ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜ਼ਖਮੀ ਕਰਨ ਦੀ ਹਰਕਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਹਮਲਾਵਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ, ਉਨ੍ਹਾਂ ਆਖਿਆ ਕਿ ਦੇਸ਼ ਦਾ ਕੋਈ ਵਰਗ ਸੁਰੱਖਿਅਤ ਨਹੀਂ ਹੈ ਜਿਸ ਉਪਰ ਸਰਕਾਰ ਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ। ਇਸ ਮੀਟਿੰਗ ’ਚ ਐਡਵੋਕੇਟ ਗੁਰਕੀਰਤ ਸਿੰਘ, ਰੋਹਿਤ ਅਰੋੜਾ, ਅਮਨਦੀਪ ਸਿੰਘ, ਪੰਕਜ ਢੰਡ, ਸਾਹਿਲ, ਰਾਜਵਿੰਦਰ, ਬਬਨ ਗੋਇਲ, ਇੰਦਰਜੀਤ ਨਿੱਕੂ, ਕਿਰਨ, ਰੋਹਿਤ ਗੋਇਲ, ਸੰਨੀ ਭੰਗਾਨੀ ਅਤੇ ਸੁਖਦੇਵ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here