ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਅਪਰੈਲ

ਇੰਡੀਆ ਗੱਠਜੋੜ ਵੱਲੋਂ ਮੰਗਲਵਾਰ ਨੂੰ ਦਿੱਲੀ ਵਿੱਚ ਪਹਿਲਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਇੰਡੀਆ ਗੱਠਜੋੜ ਦੇ ਉਮੀਦਵਾਰ ਸਹੀਰਾਮ ਪਹਿਲਵਾਨ ਨੇ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਸਵੇਰੇ ਕਰੀਬ 9 ਵਜੇ ਉਹ ਆਪਣੇ ਜੱਦੀ ਪਿੰਡ ਤਹਿਖੰਡ ਸਥਿਤ ਮੰਦਰ ’ਚ ਗਏ ਅਤੇ ਮਾਂ ਦੁਰਗਾ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਉਥੋਂ 8 ਕਿਲੋਮੀਟਰ ਦੀ ਆਸ਼ੀਰਵਾਦ ਯਾਤਰਾ ਕਾਲਕਾਜੀ, ਰਵਿਦਾਸ ਮੰਦਿਰ ਤੋਂ ਹੁੰਦੀ ਹੋਈ ਮਹਿਰੌਲੀ ਤੋਂ ਹੁੰਦੀ ਹੋਈ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਅਤੇ ਆਤਿਸ਼ੀ ਸਮੇਤ ਹੋਰ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।

ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੀਆਂ ਸੜਕਾਂ ਤੋਂ ਖੜ੍ਹਾ ਕੀਤਾ ਹੈ। ਪਰ ਭਾਜਪਾ ਨੇ ਸੋਚਿਆ ਸੀ ਕਿ ਜੇਕਰ ਉਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਆਮ ਆਦਮੀ ਪਾਰਟੀ ਪ੍ਰਚਾਰ ਨਹੀਂ ਕਰ ਸਕੇਗੀ। ਪਰ ਜਦੋਂ ਉਨ੍ਹਾਂ ਨੇ ਇੱਕ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਹਜ਼ਾਰਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਲਈ ਦਿੱਲੀ ਦੀਆਂ ਸੜਕਾਂ ’ਤੇ ਉਤਰ ਆਏ। ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਸਾਲ 2019 ਅਤੇ 2014 ਨਾਲੋਂ ਵੱਖਰੀਆਂ ਹਨ। ਸਾਲ 2019 ਅਤੇ 2014 ਵਿੱਚ ਲੋਕਾਂ ਨੂੰ ਭਾਜਪਾ ਤੋਂ ਬਹੁਤ ਉਮੀਦਾਂ ਸਨ ਕਿ ਇਹ ਕੁਝ ਕਰੇਗੀ, ਅੱਜ ਉਹ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਹਨ। ਅੱਜ ਲੋਕ ਡਰਦੇ ਹਨ ਕਿ ਦੇਸ਼ ਵਿੱਚ ਲੋਕਤੰਤਰ ਅਤੇ ਚੋਣਾਂ ਬਚਣਗੀਆਂ ਜਾਂ ਨਹੀਂ। ਦੇਸ਼ ਵਿੱਚ ਸੰਵਿਧਾਨ ਅਤੇ ਰਾਖਵਾਂਕਰਨ ਬਚੇਗਾ ਜਾਂ ਨਹੀਂ? ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਚੋਣ ਲੜ ਰਹੀਆਂ ਹਨ। ਇੰਡੀਆ ਅਲਾਇੰਸ ਦੇ ਉਮੀਦਵਾਰ ਸਹੀਰਾਮ ਪਹਿਲਵਾਨ ਨੇ ਕਿਹਾ ਕਿ ਜਿਸ ਨੇ ਆਪਣੇ ਇਲਾਕੇ ਅਤੇ ਸਮਾਜ ਲਈ ਕੰਮ ਕੀਤਾ ਹੈ, ਉਸ ਨੂੰ ਜਨਤਾ ਸਮਰਥਨ ਦੇਵੇਗੀ। ਇਸ ਵਾਰ ਚੋਣ ਨਤੀਜੇ ਪਿਛਲੀ ਵਾਰ ਨਾਲੋਂ ਵੱਖਰੇ ਹੋਣਗੇ ਅਤੇ ਭਾਜਪਾ ਆਖਰੀ ਸਥਾਨ ’ਤੇ ਰਹੇਗੀ। ਸਹੀਰਾਮ ਦੀ ਆਸ਼ੀਰਵਾਦ ਯਾਤਰਾ ਤਹਿਖੰਡ ਤੋਂ ਸ਼ੁਰੂ ਹੋ ਕੇ ਕਾਲਕਾਜੀ ਤੋਂ ਰਵਿਦਾਸ ਮਾਰਗ ਤੋਂ ਹੁੰਦੀ ਹੋਈ ਮਹਿਰੌਲੀ ਬਦਰਪੁਰ ਵਿੱਚ ਸਮਾਪਤ ਹੋਈ।

LEAVE A REPLY

Please enter your comment!
Please enter your name here