ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 26 ਮਾਰਚ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਿਆਸੀ ਗੱਠਜੋੜ ਸਬੰਧੀ ਸਮਝੌਤਾ ਸਿਰੇ ਨਾ ਚੜ੍ਹਨ ’ਤੇ ਟਿੱਪਣੀ ਕਰਦਿਆਂ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਉੱਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਅਤੇ ਭਾਜਪਾ ਨਾਲ ਚੋਣ ਸਮਝੌਤੇ ਦੇ ਮਾਮਲੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਮੀਟਿੰਗ ਵਿੱਚ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਗੱਲ ਕਰ ਕੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਿਆਸਤ ਨਾਲੋਂ ਸਿਧਾਂਤ ਵੱਧ ਪਿਆਰੇ ਹਨ। ਅੱਜ ਇੱਥੇ ਪਰਵਿੰਦਰ ਸੋਹਾਣਾ ਨੇ ਕਿਹਾ ਕਿ ਅਕਾਲੀ ਵਰਕਰ ਸੁਖਬੀਰ ਬਾਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਹਾਈ ਕਮਾਨ ਦਾ ਹਰ ਫ਼ੈਸਲਾ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੂਬਿਆਂ ਲਈ ਵੱਧ ਅਧਿਕਾਰ ਤੇ ਖ਼ੁਦਮੁਖ਼ਤਿਆਰੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਹੱਕਾਂ, ਖ਼ਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮ ਵਿੱਚ ਬੇਲੋੜੀ ਦਖ਼ਲਅੰਦਾਜ਼ੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਆਦਿ ਮੁੱਦੇ ਚੁੱਕ ਕੇ ਹਰੇਕ ਵਰਗ ਦੇ ਹਿੱਤਾਂ ਦੀ ਗੱਲ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲੀ ਦਲ ਲਈ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ।

 

 

LEAVE A REPLY

Please enter your comment!
Please enter your name here