ਚਰਨਜੀਤ ਭੁੱਲਰ

ਚੰਡੀਗੜ੍ਹ, 25 ਅਪਰੈਲ

ਪੰਜਾਬ ਦੇ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਵਿੱਚੋਂ ਪੁਰਾਣਿਆਂ ਨੇ ਆਪਣੇ ਪਰਿਵਾਰਾਂ ਨੂੰ ਸੱਤਾ ਦੀ ਜੰਗ ਤੋਂ ਦੂਰ ਹੀ ਰੱਖਿਆ ਜਦਕਿ ਨਵਿਆਂ ਨੇ ਆਪਣੇ ਧੀਆਂ ਪੁੱਤਾਂ ਨੂੰ ਚੋਣਾਂ ’ਚ ਥਾਪੜਾ ਦੇ ਉਤਾਰਿਆ। ਆਜ਼ਾਦੀ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 16 ਜਣੇ 24 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਜਿਨ੍ਹਾਂ ਵਿੱਚੋਂ 13 ਜਣੇ ਜਹਾਨੋਂ ਕੂਚ ਕਰ ਚੁੱਕੇ ਹਨ। ਦੋ ਸਾਬਕਾ ਮੁੱਖ ਮੰਤਰੀਆਂ ਵਿੱਚੋਂ ਪ੍ਰਤਾਪ ਸਿੰਘ ਕੈਰੋਂ ਦੀ ਹੱਤਿਆ ਹੋਈ ਅਤੇ ਬੇਅੰਤ ਸਿੰਘ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਭਗਵੰਤ ਮਾਨ ਪੰਜਾਬ ਦੇ ਮੌਜੂਦਾ 25ਵੇਂ ਮੁੱਖ ਮੰਤਰੀ ਹਨ। ਪੁਰਾਣਿਆਂ ਵਿੱਚੋਂ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਕੈਰੋਂ 1956-1964 ਤੱਕ ਮੁੱਖ ਮੰਤਰੀ ਰਹੇ। ਕੈਰੋਂ ਦੀ ਮੌਤ ਮਗਰੋਂ 1967 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੰਦਰਾ ਗਾਂਧੀ ਨੇ ਮਰਹੂਮ ਕੈਰੋਂ ਦੀ ਪਤਨੀ ਰਾਮ ਕੌਰ ਨੂੰ ਵਿਸ਼ੇਸ਼ ਤੌਰ ’ਤੇ ਹਲਕਾ ਪੱਟੀ ਤੋਂ ਟਿਕਟ ਦਿੱਤਾ। ਰਾਮ ਕੌਰ ਨੇ 12,596 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਨੂੰ ਹਰਾਇਆ। ਮਰਹੂਮ ਕੈਰੋਂ ਦਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਵਿਧਾਇਕ ਵੀ ਬਣਿਆ ਅਤੇ ਸੰਸਦ ਮੈਂਬਰ ਵੀ ਬਣਿਆ। ਉਸ ਤੋਂ ਮਗਰੋਂ ਬਣੇ ਮੁੱਖ ਮੰਤਰੀ ਡਾ. ਗੋਪੀ ਚੰਦ ਭਾਰਗਵ, ਕਾਮਰੇਡ ਰਾਮ ਕਿਸ਼ਨ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਅਤੇ ਜਸਟਿਸ ਗੁਰਨਾਮ ਸਿੰਘ ਦਾ ਪਰਿਵਾਰ ਚੋਣਾਂ ਤੋਂ ਦੂਰ ਰਿਹਾ। ਲਛਮਣ ਸਿੰਘ ਗਿੱਲ ਪੰਜਾਬ ਦੇ 25 ਨਵੰਬਰ 1967 ਤੋਂ 23 ਅਗਸਤ 1968 ਤੱਕ ਮੁੱਖ ਮੰਤਰੀ ਰਹੇ। ਗਿੱਲ ਮਗਰੋਂ ਉਨ੍ਹਾਂ ਦੀ ਧੀ ਕੁਲਵੰਤ ਕੌਰ ਅਕਾਲੀ ਉਮੀਦਵਾਰ ਵਜੋਂ 1972 ਦੀ ਵਿਧਾਨ ਸਭਾ ਚੋਣ ਵਿੱਚ ਹਲਕਾ ਧਰਮਕੋਟ ਤੋਂ ਉੱਤਰੇ। ਅਕਾਲੀ ਉਮੀਦਵਾਰ ਕੁਲਵੰਤ ਕੌਰ ਨੇ 4,968 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਜਗਮੋਹਨ ਸਿੰਘ ਨੂੰ ਹਰਾਇਆ। ਗਿਆਨੀ ਜ਼ੈਲ ਸਿੰਘ 1972 ਤੋਂ 1977 ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਇਕਲੌਤਾ ਪੁੱਤਰ ਜੋਗਿੰਦਰ ਸਿੰਘ 1997 ਵਿੱਚ ਕਾਂਗਰਸ ਵੱਲੋਂ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਿਆ ਪਰ ਉਹ ਤੀਜੇ ਨੰਬਰ ’ਤੇ ਆਇਆ ਅਤੇ ਸਿਰਫ਼ 18,279 ਵੋਟਾਂ ਮਿਲੀਆਂ।

ਗਿਆਨੀ ਜ਼ੈਲ ਸਿੰਘ ਦਾ ਭਤੀਜਾ ਬਸੰਤ ਸਿੰਘ 1980 ਵਿੱਚ ਵਿਧਾਇਕ ਬਣਿਆ। ਜ਼ੈਲ ਸਿੰਘ ਦੇ ਪਰਿਵਾਰ ਵਿੱਚੋਂ ਕੁਲਤਾਰ ਸਿੰਘ ਸੰਧਵਾਂ ਮੌਜੂਦਾ ਸਪੀਕਰ ਹਨ ਅਤੇ ਉਹ ਦੂਜੀ ਵਾਰ ਕੋਟਕਪੂਰਾ ਤੋਂ ਚੋਣ ਜਿੱਤੇ ਹਨ। ਸਾਂਝੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਪਰਿਵਾਰ ਸਿਆਸਤ ਤੋਂ ਦੂਰ ਹੀ ਰਿਹਾ। ਦਰਬਾਰਾ ਸਿੰਘ ਪੰਜਾਬ ਦੇ 15ਵੇਂ ਮੁੱਖ ਮੰਤਰੀ ਸਨ ਜਿਨ੍ਹਾਂ ਦਾ ਕਾਰਜਕਾਲ 1980 ਤੋਂ 1983 ਤੱਕ ਦਾ ਰਿਹਾ। ਉਨ੍ਹਾਂ ਦੇ ਪਰਿਵਾਰ ਤੋਂ ਅੱਗੇ ਕੋਈ ਸਿਆਸਤ ’ਚ ਨਹੀਂ ਉੱਤਰਿਆ।

ਬਰਨਾਲਾ ਪਰਿਵਾਰ ਦੀ ਸੂਬਾਈ ਸਿਆਸਤ ਵਿੱਚ ਲੰਮੀ ਪਾਰੀ ਰਹੀ ਹੈ। ਸੁਰਜੀਤ ਸਿੰਘ ਬਰਨਾਲਾ 1985 ਤੋਂ 1987 ਤੱਕ ਮੁੱਖ ਮੰਤਰੀ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਨੇ ਅਕਾਲੀ ਉਮੀਦਵਾਰ ਵਜੋਂ 1977 ਵਿੱਚ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਸੋਮ ਦੱਤ ਨੂੰ 7,855 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮਰਹੂਮ ਸੁਰਜੀਤ ਸਿੰਘ ਬਰਨਾਲਾ ਦਾ ਪੁੱਤਰ ਗਗਨਜੀਤ ਸਿੰਘ ਵੀ 2002 ਵਿੱਚ ਅਕਾਲੀ ਟਿਕਟ ’ਤੇ ਹਲਕਾ ਧੂਰੀ ਤੋਂ 1,559 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਵਿਧਾਇਕ ਬਣਿਆ ਸੀ।

ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਸਿਆਸਤ ਵਿੱਚ ਪੈਰ ਜਮ੍ਹਾਂ ਨਾ ਸਕਿਆ। ਰਣਇੰਦਰ ਸਿੰਘ ਨੂੰ ਬਠਿੰਡਾ ਤੋਂ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਗਿਆ ਸੀ ਪ੍ਰੰਤੂ ਉਹ ਹਰਸਿਮਰਤ ਕੌਰ ਬਾਦਲ ਤੋਂ ਚੋਣ ਹਾਰ ਗਏ ਸਨ। ਉਸ ਮਗਰੋਂ ਉਨ੍ਹਾਂ ਨੂੰ ਕਾਂਗਰਸ ਨੇ ਹਲਕਾ ਸਮਾਣਾ ਤੋਂ 2012 ਵਿੱਚ ਚੋਣ ਲੜਾਈ ਪ੍ਰੰਤੂ ਉਹ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ 6,930 ਵੋਟਾਂ ਦੇ ਫ਼ਰਕ ਨਾਲ ਹਾਰ ਗਏ।

ਹਾਲਾਂਕਿ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਚੰਗੀ ਮੱਲ ਮਾਰੀ ਹੈ। ਉਹ ਚਾਰ ਵਾਰ ਸੰਸਦ ਮੈਂਬਰ ਅਤੇ ਇੱਕ ਵਾਰ ਵਿਧਾਇਕ ਰਹਿ ਚੁੱਕੇ ਹਨ। ਅਮਰਿੰਦਰ ਪਰਿਵਾਰ ਹੁਣ ਭਾਜਪਾ ਵਿੱਚ ਹੈ ਅਤੇ ਪ੍ਰਨੀਤ ਕੌਰ ਪਟਿਆਲਾ ਤੋਂ ਮੁੜ ਉਮੀਦਵਾਰ ਹਨ। ਹਰਚਰਨ ਸਿੰਘ ਬਰਾੜ 1995 ਤੋਂ 1996 ਦੌਰਾਨ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਬਰਾੜ ਫ਼ਰੀਦਕੋਟ ਹਲਕੇ ਤੋਂ ਜਿੱਤ ਕੇ ਸੰਸਦ ਮੈਂਬਰ ਵੀ ਬਣੀ ਅਤੇ 1985 ਵਿਚ ਪੰਜਾਬ ਵਿਚ ਵਿਰੋਧੀ ਧਿਰ ਦੀ ਨੇਤਾ ਵੀ ਰਹੀ। ਉਨ੍ਹਾਂ ਦਾ ਪੁੱਤਰ ਕੰਵਰਜੀਤ ਸਿੰਘ ਬਰਾੜ ਅਤੇ ਨੂੰਹ ਕਰਨ ਕੌਰ ਬਰਾੜ ਵੀ ਵਿਧਾਇਕ ਰਹਿ ਚੁੱਕੇ ਹਨ।

ਮਰਹੂਮ ਹਰਚਰਨ ਸਿੰਘ ਬਰਾੜ ਦੀ ਧੀ ਬਬਲੀ ਬਰਾੜ ਨੂੰ ਸੰਸਦੀ ਚੋਣਾਂ ਵਿੱਚ ਸਫਲਤਾ ਨਹੀਂ ਮਿਲ ਸਕੀ ਸੀ। ਰਾਜਿੰਦਰ ਕੌਰ ਭੱਠਲ ਥੋੜ੍ਹੇ ਸਮੇਂ ਲਈ 1996-97 ਵਿੱਚ ਮੁੱਖ ਮੰਤਰੀ ਰਹੇ ਪ੍ਰੰਤੂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਸਫਲ ਨਾ ਹੋਇਆ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿੱਚੋਂ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਚਾਰ ਵਾਰ ਲੋਕ ਸਭਾ ਮੈਂਬਰ, ਇੱਕ ਵਾਰ ਰਾਜ ਸਭਾ ਮੈਂਬਰ, ਇੱਕ ਵਾਰ ਕੇਂਦਰੀ ਉਦਯੋਗ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਰਹਿ ਚੁੱਕਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ। ਮਰਹੂਮ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੀ ਤਿੰਨ ਵਾਰ ਸੰਸਦ ਮੈਂਬਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਰਹਿ ਚੁੱਕੀ ਹੈ।ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦਾ ਪੁੱਤਰ ਤੇਜ਼ ਪ੍ਰਕਾਸ਼ ਸਿੰਘ ਪਾਇਲ ਹਲਕੇ ਤੋਂ ਚੋਣ ਜਿੱਤਿਆ ਸੀ ਅਤੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਵੀ ਬਣੇ। ਮਰਹੂਮ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੇ ਜਲੰਧਰ ਕੈਂਟ ਤੋਂ 2002 ਵਿੱਚ ਚੋਣ ਜਿੱਤੀ ਸੀ। ਅੱਗੇ ਪੋਤਰਾ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਬਣਿਆ ਅਤੇ ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ ਵੀ ਰਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਈ ਪੁੱਤਰ, ਧੀ ਚੋਣ ਮੈਦਾਨ ਵਿੱਚ ਨਹੀਂ ਉਤਰਿਆ।

ਪੰਜਾਬ ਨੇ ਅੱਠ ਵਾਰ ਰਾਸ਼ਟਰਪਤੀ ਰਾਜ ਝੱਲਿਆ

ਸਾਂਝੇ ਪੰਜਾਬ ਸਮੇਂ ਪਹਿਲੀ ਵਾਰ 20 ਜੂਨ 1951 ਤੋਂ 17 ਅਪਰੈਲ 1952 ਤੱਕ ਰਾਸ਼ਟਰਪਤੀ ਰਾਜ ਰਿਹਾ ਅਤੇ ਦੂਜੀ ਵਾਰ 5 ਜੁਲਾਈ 1966 ਤੋਂ 1 ਨਵੰਬਰ 1966 ਤੱਕ ਰਾਸ਼ਟਰਪਤੀ ਰਾਜ ਲੱਗਿਆ। ਪੰਜਾਬੀ ਸੂਬਾ ਹੋਂਦ ਵਿੱਚ ਆਉਣ ਮਗਰੋਂ ਤੀਜੀ ਵਾਰ 24 ਅਗਸਤ 1968 ਤੋਂ 17 ਫਰਵਰੀ 1969 ਤੱਕ ਰਾਸ਼ਟਰਪਤੀ ਰਾਜ ਅਧੀਨ ਪੰਜਾਬ ਰਿਹਾ। ਚੌਥੀ ਵਾਰ ਰਾਸ਼ਟਰਪਤੀ ਰਾਜ 14 ਜੂਨ 1971 ਤੋਂ 16 ਮਾਰਚ 1972 ਤੱਕ ਰਿਹਾ ਅਤੇ ਇਸੇ ਤਰ੍ਹਾਂ ਮੁੜ 30 ਅਪਰੈਲ 1977 ਤੋਂ 20 ਜੂਨ 1977 ਤੱਕ ਅਤੇ ਫਿਰ 18 ਫਰਵਰੀ 1980 ਤੋਂ 6 ਜੂਨ 1980 ਤੱਕ ਰਾਸ਼ਟਰਪਤੀ ਸ਼ਾਸਨ ਰਿਹਾ। ਸੱਤਵੀਂ ਵਾਰ 6 ਅਕਤੂਬਰ 1983 ਤੋਂ 29 ਸਤੰਬਰ 1985 ਤੱਕ ਅਤੇ ਆਖ਼ਰੀ ਵਾਰ 11 ਮਈ 1987 ਤੋਂ 25 ਫਰਵਰੀ 1992 ਤੱਕ ਰਾਸ਼ਟਰਪਤੀ ਰਾਜ ਰਿਹਾ।

LEAVE A REPLY

Please enter your comment!
Please enter your name here